July 7, 2026
Punjab Speaks Team / Punjab
07 ਜੁਲਾਈ 2026 : ਚੀਨ ਨੇ ਸੋਮਵਾਰ ਨੂੰ ਪ੍ਰਸ਼ਾਂਤ ਮਹਾਸਾਗਰ ’ਚ ਇਕ ਪਰਮਾਣੂ ਪਣਡੁੱਬੀ ਨਾਲ ਲੰਬੀ ਦੂਰੀ ਤੱਕ ਮਾਰ ਕਰਨ ਵਾਲੀ ਇਕ ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ। ਚੀਨੀ ਫ਼ੌਜ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਨੇ ਇਸਨੂੰ ਰਣਨੀਤਕ ਮਿਜ਼ਾਈਲ ਦੱਸਿਆ ਤੇ ਪ੍ਰੀਖਣ ਨੂੰ ਕਰਾਰ ਦਿੱਤਾ। ਇਸ ਪ੍ਰੀਖਣ ਦੀ ਜਾਪਾਨ ਤੇ ਆਸਟ੍ਰੇਲੀਆ ਨੇ ਤਿੱਖੀ ਆਲੋਚਨਾ ਕੀਤੀ ਤੇ ਕਿਹਾ ਕਿ ਚੀਨ ਖੇਤਰ ’ਚ ਫ਼ੌਜੀ ਇਕੱਠ ਵਧਾ ਰਿਹਾ ਹੈ।
ਸਰਕਾਰੀ ਨਿਊਜ਼ ਏਜੰਸੀ ਸ਼ਿਨਹੂਆ ਦੇ ਮੁਤਾਬਕ, ਪੀਐੱਲਏ ਜਲ ਸੈਨਾ ਨੇ ਕਿਹਾ ਕਿ ਉਸਦੀ ਇਕ ਪਰਮਾਣੂ ਪਣਡੁੱਬੀ ’ਚ ਸਥਾਨਕ ਸਮੇਂ ਮੁਤਾਬਕ ਦੁਪਹਿਰ 12.01 ਵਜੇ ਇਕ ਡਮੀ ਵਾਰਹੈੱਡ ਦੇ ਨਾਲ ਰਣਨੀਤਕ ਮਿਜ਼ਾਈਲ ਲਾਂਚ ਕੀਤੀ ਗਈ, ਜਿਸਨੇ ਪ੍ਰਸ਼ਾਂਤ ਮਹਾਸਾਗਰ ਦੇ ਸਬੰਧਤ ਖੁੱਲ੍ਹੇ ਸਮੁੰਦਰ ’ਚ ਆਪਣੇ ਟੀਚੇ ’ਤੇ ਸਟੀਕਤਾ ਨਾਲ ਨਿਸ਼ਾਨਾ ਵਿੰਨ੍ਹਿਆ। ਜਲ ਸੈਨਾ ਨੇ ਇਸਨੂੰ ਆਪਣੀ ਸਾਲਾਨਾ ਸਿਖਲਾਈ ਦਾ ਹਿੱਸਾ ਦੱਸਿਆ ਤੇ ਕਿਹਾ ਕਿ ਚੀਨ ਨੇ ਪਹਿਲਾਂ ਹੀ ਸਬੰਧਤ ਦੇਸ਼ਾਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਸੀ।
ਪ੍ਰੀਖਣ ਲਈ ਅੰਤਰਰਾਸ਼ਟਰੀ ਕਾਨੂੰਨ ਤੇ ਪ੍ਰਥਾਵਾਂ ਦੀ ਪਾਲਣਾ ਕੀਤੀ ਗਈ ਤੇ ਕਿਸੇ ਖਾਸ ਦੇਸ਼ ਜਾਂ ਟੀਚੇ ਵੱਲ ਨਿਰਦੇਸ਼ਿਤ ਨਹੀਂ ਕੀਤਾ ਗਿਆ ਸੀ। ਚੀਨੀ ਫ਼ੌਜ ਨੇ ਹਾਲਾਂਕਿ ਮਿਜ਼ਾਈਲ ਤੇ ਇਸਦੀ ਰੇਂਜ ਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਇੱਧਰ, ਜਾਪਾਨ ਤੇ ਆਸਟ੍ਰੇਲੀਆ ਨੇ ਕਿਹਾ ਕਿ ਉਨ੍ਹਾਂ ਨੂੰ ਲਾਂਚਿੰਗ ਦੇ ਬਾਰੇ ਸੂਚਨਾ ਮਿਲੀ ਸੀ। ਇਨ੍ਹਾਂ ਦੇਸ਼ਾਂ ਨੇ ਪ੍ਰੀਖਣ ਲਈ ਚੀਨ ਦੀ ਆਲੋਚਨਾ ਕੀਤੀ। ਆਸਟ੍ਰੇਲੀਆਈ ਵਿਦੇਸ਼ ਮੰਤਰੀ ਪੇਨੀ ਵੋਂਗ ਨੇ ਇਸ ਪ੍ਰੀਖਣ ਨੂੰ ਖੇਤਰ ਨੂੰ ਕਮਜ਼ੋਰ ਕਰਨ ਵਾਲਾ ਦੱਸਿਆ। ਜਦਕਿ ਜਾਪਾਨੀ ਕਯੋਦੋ ਨਿਊਜ਼ ਦੇ ਮੁਤਾਬਕ, ਜਾਪਾਨ ਨੇ ਚੀਨ ਦੀਆਂ ਫ਼ੌਜੀ ਸਰਗਰਮੀਆਂ ਦੇ ਬਾਰੇ ਗੰਭੀਰ ਚਿੰਤਾ ਪ੍ਰਗਟ ਕੀਤੀ।
China Successfully Tests Ballistic Missile From Nuclear Submarine Faces Sharp Criticism From Japan And Australia