July 5, 2026
Punjab Speaks Team / Panjab
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੌਰੇ ਦੌਰਾਨ ਮਾਧੋਪੁਰ ਵਿਖੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਉਹ ਸੁਜਾਨਪੁਰ ਦੇ ਆਰ.ਐਸ. ਗਾਰਡਨ ਵਿੱਚ ਆਯੋਜਿਤ ਵਿਸ਼ਾਲ ਜਨਸਭਾ ਵਿੱਚ ਸ਼ਾਮਲ ਹੋਏ, ਜਿੱਥੇ ਉਨ੍ਹਾਂ ਨੇ ਡਾ. ਮੁਖਰਜੀ ਦੇ ਜੀਵਨ, ਵਿਚਾਰਧਾਰਾ ਅਤੇ ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਵਿਸਥਾਰ ਨਾਲ ਉਜਾਗਰ ਕੀਤਾ। ਆਪਣੇ ਸੰਬੋਧਨ ਵਿੱਚ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਸਿਰਫ਼ ਇੱਕ ਰਾਜਨੇਤਾ ਨਹੀਂ ਸਨ, ਸਗੋਂ ਉਹ ਅਜਿਹੇ ਦੂਰਅੰਦੇਸ਼ ਚਿੰਤਕ ਸਨ, ਜਿਨ੍ਹਾਂ ਨੇ ਸਿੱਖਿਆ, ਰਾਸ਼ਟਰਵਾਦ ਅਤੇ ਦੇਸ਼ ਦੀ ਏਕਤਾ ਨੂੰ ਆਪਣੇ ਜੀਵਨ ਦਾ ਮੁੱਖ ਉਦੇਸ਼ ਬਣਾਇਆ। ਉਨ੍ਹਾਂ ਕਿਹਾ ਕਿ ਡਾ. ਮੁਖਰਜੀ ਦੇ ਵਿਚਾਰ ਅੱਜ ਵੀ ਦੇਸ਼ ਨੂੰ ਮਜ਼ਬੂਤ ਬਣਾਉਣ ਅਤੇ ਨੌਜਵਾਨਾਂ ਨੂੰ ਰਾਸ਼ਟਰ ਸੇਵਾ ਲਈ ਪ੍ਰੇਰਿਤ ਕਰਨ ਦਾ ਕੰਮ ਕਰ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਕੋਲਕਾਤਾ ਦੇ ਇੱਕ ਵਿਦਵਾਨ ਪਰਿਵਾਰ ਵਿੱਚ ਜਨਮੇ ਡਾ. ਮੁਖਰਜੀ ਨੇ ਆਪਣੀ ਅਸਾਧਾਰਣ ਯੋਗਤਾ ਦੇ ਬਲਬੂਤੇ ਸਿਰਫ਼ 33 ਸਾਲ ਦੀ ਉਮਰ ਵਿੱਚ ਕੋਲਕਾਤਾ ਯੂਨੀਵਰਸਿਟੀ ਦੇ ਸਭ ਤੋਂ ਨੌਜਵਾਨ ਉਪ ਕੁਲਪਤੀ ਬਣਨ ਦਾ ਮਾਣ ਹਾਸਲ ਕੀਤਾ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਸਿੱਖਿਆ ਸੰਸਥਾਵਾਂ ਕੇਵਲ ਡਿਗਰੀਆਂ ਦੇਣ ਲਈ ਨਹੀਂ, ਸਗੋਂ ਜ਼ਿੰਮੇਵਾਰ ਅਤੇ ਚਰਿੱਤਰਵਾਨ ਨਾਗਰਿਕ ਤਿਆਰ ਕਰਨ ਲਈ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣਾ ਸਰਵੋਚ ਬਲਿਦਾਨ ਦਿੱਤਾ। ਉਨ੍ਹਾਂ ਦਾ ਜੀਵਨ ਇਹ ਸੰਦੇਸ਼ ਦਿੰਦਾ ਹੈ ਕਿ ਰਾਸ਼ਟਰ ਹਿੱਤ ਨੂੰ ਹਮੇਸ਼ਾ ਨਿੱਜੀ ਹਿੱਤ ਤੋਂ ਉੱਪਰ ਰੱਖਣਾ ਚਾਹੀਦਾ ਹੈ। ਉਨ੍ਹਾਂ ਦੇ ਆਦਰਸ਼ ਅੱਜ ਵੀ ਦੇਸ਼ ਦੇ ਵਿਕਾਸ ਅਤੇ ਏਕਤਾ ਲਈ ਪ੍ਰੇਰਣਾ ਸਰੋਤ ਬਣੇ ਹੋਏ ਹਨ। ਇਸ ਮੌਕੇ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ, ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ, ਸਾਬਕਾ ਵਿਧਾਇਕ ਸੀਮਾ ਦੇਵੀ, ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ, ਵਿਜੇ ਸ਼ਰਮਾ, ਰਾਜ ਕੁਮਾਰ ਗੁਪਤਾ, ਰਕੇਸ਼ ਰਠੋਰ, ਸ਼ਮਸ਼ੇਰ ਠਾਕੁਰ ਸਮੇਤ ਭਾਜਪਾ ਦੇ ਕਈ ਸੀਨੀਅਰ ਆਗੂ, ਅਹੁਦੇਦਾਰ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਰਹੇ।
Message From Nayab Singh Saini From Madhopur Dr Syama Prasad Mookerjee S Life Is An Inspiration For Service To The Nation And Unity