July 3, 2026
Punjab Speaks Team / Punjab
ਸੁਨਾਮ:ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼ੁੱਕਰਵਾਰ ਨੂੰ ਸੁਨਾਮ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਵਿੱਚ ਅਕਾਲ ਤਖ਼ਤ ਸਾਹਿਬ ਵੱਲੋਂ ਕੋਈ ਸਿੱਧੇ ਨਿਰਦੇਸ਼ ਨਹੀਂ, ਸਗੋਂ ਸਿੰਘ ਸਾਹਿਬ (ਜਥੇਦਾਰ) ਵੱਲੋਂ ਅਹਿਮ ਸੁਝਾਅ ਮਿਲੇ ਹਨ, ਜਿਨ੍ਹਾਂ 'ਤੇ ਸਰਕਾਰ ਗੰਭੀਰਤਾ ਨਾਲ ਵਿਚਾਰ ਕਰੇਗੀ ਅਤੇ ਲੋੜ ਪੈਣ 'ਤੇ ਕਾਨੂੰਨ ਵਿੱਚ ਲੋੜੀਂਦੀ ਸੋਧ ਵੀ ਕੀਤੀ ਜਾਵੇਗੀ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸੁਨਾਮ ਵਿਖੇ ਸਾਬਕਾ ਮੰਤਰੀ ਸਵਰਗੀ ਬਾਬੂ ਭਗਵਾਨ ਦਾਸ ਅਰੋੜਾ ਦੀ 26ਵੀਂ ਬਰਸੀ ਮੌਕੇ ਸ਼ਰਧਾਂਜਲੀ ਭੇਟ ਕਰਨ ਲਈ ਪੁੱਜੇ ਸਨ। ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਪੀਕਰ ਸੰਧਵਾਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਸਭ ਤੋਂ ਉੱਪਰ ਹੈ । ਸ੍ਰੀ ਅਕਾਲ ਤਖ਼ਤ ਸਾਹਿਬ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਸਿਰਜਿਆ ਮਹਾਨ ਤਖ਼ਤ ਹੈ। ਉੱਥੇ ਜਾ ਕੇ ਸਰਕਾਰ ਜਾਂ ਕਿਸੇ ਵਿਧਾਇਕ ਦਾ ਮਕਸਦ ਕੋਈ ਵਾਦ-ਵਿਵਾਦ ਖੜ੍ਹਾ ਕਰਨਾ ਨਹੀਂ ਸੀ, ਸਗੋਂ ਸੰਸਥਾ ਅੱਗੇ ਸਿਰ ਝੁਕਾਉਣਾ ਸੀ। ਉੱਥੇ ਕੋਈ ਬਹਿਸ ਨਹੀਂ, ਸਿਰਫ਼ ਹੱਥ ਜੋੜੇ ਸਨ। ਆਪਣੇ ਅੰਦਾਜ਼ ਵਿੱਚ ਬੋਲਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ, "ਆਮ ਤੌਰ 'ਤੇ ਵਿਧਾਇਕ ਬਹਿਸ ਕਰਨ ਅਤੇ ਆਪਣੀਆਂ ਗੱਲਾਂ ਮਨਾਉਣ ਵਿੱਚ ਮਾਹਰ ਹੁੰਦੇ ਹਨ, ਪਰ ਅਕਾਲ ਤਖ਼ਤ ਸਾਹਿਬ ਅੱਗੇ ਅਸੀਂ ਸਿਰਫ਼ ਹੱਥ ਜੋੜ ਕੇ ਨਤਮਸਤਕ ਹੋਣ ਗਏ ਸੀ। ਜਥੇਦਾਰ ਸਾਹਿਬ ਨੇ ਜੋ ਵੀ ਆਦੇਸ਼ ਜਾਂ ਵਚਨ ਕੀਤੇ ਹਨ, ਉਨ੍ਹਾਂ ਨੂੰ ਪੂਰੇ ਸਤਿਕਾਰ ਸਹਿਤ ਪ੍ਰਵਾਨ ਕੀਤਾ ਗਿਆ ਹੈ।"
ਜਦੋਂ ਸਪੀਕਰ ਨੂੰ ਪੁੱਛਿਆ ਗਿਆ ਕਿ ਕੀ ਕਾਨੂੰਨ ਵਿੱਚ ਬਦਲਾਅ ਹੋਵੇਗਾ, ਤਾਂ ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਦੇ ਸੁਝਾਵਾਂ 'ਤੇ ਬਿਲਕੁਲ ਵਿਚਾਰ ਹੋਵੇਗਾ ਜੇਕਰ ਸਿੱਖ ਜਜ਼ਬਾਤਾਂ ਅਨੁਸਾਰ ਕਾਨੂੰਨ ਵਿੱਚ ਕੋਈ ਸੋਧ ਕਰਨ ਦੀ ਲੋੜ ਹੋਈ, ਤਾਂ ਉਹ ਜ਼ਰੂਰ ਕੀਤੀ ਜਾਵੇਗੀ। ਉਨ੍ਹਾਂ ਗੁਰੂ ਸਾਹਿਬ ਦੇ ਫ਼ਲਸਫ਼ੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਵੀ ਕੋਈ ਦੁਵਿਧਾ ਜਾਂ ਮਤਭੇਦ ਹੋਵੇ, ਤਾਂ ਇਕੱਠੇ ਬੈਠ ਕੇ ਵਿਚਾਰ-ਵਟਾਂਦਰਾ ਕਰਨਾ ਹੀ ਸਭ ਤੋਂ ਉੱਤਮ ਤਰੀਕਾ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਦਿੱਤੇ ਗਏ ਇੱਕ ਮਹੀਨੇ ਦੇ ਸਮੇਂ ਦੇ ਅੰਦਰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੇ ਸਵਾਲ 'ਤੇ ਸਪੀਕਰ ਨੇ ਕਿਹਾ ਕਿ ਸੈਸ਼ਨ ਕਦੋਂ ਬੁਲਾਉਣਾ ਹੈ, ਇਹ ਫ਼ੈਸਲਾ ਪੂਰੀ ਤਰ੍ਹਾਂ ਪੰਜਾਬ ਸਰਕਾਰ ਅਤੇ ਕੈਬਨਿਟ ਨੇ ਲੈਣਾ ਹੈ, ਪਰ ਬਤੌਰ ਸਪੀਕਰ ਉਹ ਆਪਣੀ ਤਰਫ਼ੋਂ ਹਰ ਸਥਿਤੀ ਅਤੇ ਸੈਸ਼ਨ ਦੀ ਕਾਰਵਾਈ ਲਈ ਪੂਰੀ ਤਰ੍ਹਾਂ ਤਿਆਰ ਹਨ। ਇਸ ਮੌਕੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਤੇ ਹੋਰ ਆਗੂ ਹਾਜ਼ਰ ਸਨ।
Suggestions Received From The Jathedar Not Sri Akal Takht Sahib Sandhwan Says The Law Will Be Amended As Needed