June 27, 2026
Punjab Speaks Team / Panjab
ਪੰਜਾਬ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਜਲੰਧਰ ਦੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ‘ਤੇ ਸੂਬੇ ਦੇ ਅਹਿਮ ਸਰਕਾਰੀ ਅਤੇ ਸੁਰੱਖਿਆ ਅਦਾਰਿਆਂ ਦੀ ਰੇਕੀ ਕਰਕੇ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨ ਭੇਜਣ ਦੇ ਗੰਭੀਰ ਦੋਸ਼ ਲੱਗੇ ਹਨ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਕਮਲ ਵਿਹਾਰ ਵਾਸੀ ਪ੍ਰਦੀਪ ਸਿੰਘ, ਗੁਰੂ ਨਾਨਕਪੁਰਾ ਵਾਸੀ ਭਰਤ ਵਰਮ ਅਤੇ ਸਚਿਨ ਖੋਸਲਾ ਵਜੋਂ ਹੋਈ ਹੈ। ਪੁਲਿਸ ਮੁਤਾਬਕ ਇਹ ਤਿੰਨੇ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਦੇ ਸੰਪਰਕ ਵਿੱਚ ਸਨ ਅਤੇ ਉਸ ਦੇ ਕਹਿਣ ‘ਤੇ ਕਥਿਤ ਤੌਰ ‘ਤੇ ਜਾਸੂਸੀ ਗਤੀਵਿਧੀਆਂ ਕਰ ਰਹੇ ਸਨ।
ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਦੱਸਿਆ ਕਿ ਇਹ ਨੌਜਵਾਨ ਪਿਛਲੇ ਕਰੀਬ ਚਾਰ ਮਹੀਨਿਆਂ ਤੋਂ ਸਰਗਰਮ ਸਨ ਅਤੇ ਸਰਕਾਰੀ ਇਮਾਰਤਾਂ ਤੇ ਸੁਰੱਖਿਆ ਅਦਾਰਿਆਂ ਦੀਆਂ ਤਸਵੀਰਾਂ ਅਤੇ ਹੋਰ ਸੰਵੇਦਨਸ਼ੀਲ ਜਾਣਕਾਰੀ ਭੇਜ ਰਹੇ ਸਨ। ਪੁਲਿਸ ਅਨੁਸਾਰ ਇਨ੍ਹਾਂ ਦੇ ਖਾਤਿਆਂ ਵਿੱਚ ਵਿਦੇਸ਼ ਤੋਂ ਪੈਸੇ ਆਉਣ ਦੇ ਸੰਕੇਤ ਵੀ ਮਿਲੇ ਹਨ, ਜਿਸ ਦੀ ਜਾਂਚ ਜਾਰੀ ਹੈ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਪ੍ਰਦੀਪ ਸਿੰਘ ਨਸ਼ੇ ਦਾ ਆਦੀ ਹੈ ਅਤੇ ਉਸ ਦੀ ਨਸ਼ੇ ਦੀ ਲਤ ਕਾਰਨ ਪਰਿਵਾਰ ਨੂੰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਸ ਦਾ ਪਿਛਲਾ ਅਪਰਾਧਿਕ ਰਿਕਾਰਡ ਵੀ ਰਹਿ ਚੁੱਕਾ ਹੈ ਅਤੇ ਉਹ ਪਹਿਲਾਂ ਵੀ ਪੁਲਿਸ ਜਾਂਚ ਦੇ ਘੇਰੇ ਵਿੱਚ ਆ ਚੁੱਕਾ ਹੈ।
ਪੁਲਿਸ ਨੇ ਇਹ ਵੀ ਦੱਸਿਆ ਕਿ ਮੁਲਜ਼ਮ ਕਈ ਵਾਰ ਹੋਰ ਰਾਜਾਂ ਵਿੱਚ ਵੀ ਗਏ ਸਨ, ਜਿਸ ਕਾਰਨ ਸ਼ੱਕ ਹੈ ਕਿ ਉੱਥੋਂ ਵੀ ਸੰਵੇਦਨਸ਼ੀਲ ਜਾਣਕਾਰੀ ਇਕੱਠੀ ਕੀਤੀ ਗਈ ਹੋ ਸਕਦੀ ਹੈ। ਇਸ ਮਾਮਲੇ ਵਿੱਚ ਹੋਰ ਲੋਕਾਂ ਦੀ ਸ਼ਮੂਲੀਅਤ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਪੁਲਿਸ ਨੇ ਦੱਸਿਆ ਕਿ ‘ਆਪ੍ਰੇਸ਼ਨ ਸਿੰਧੂਰ’ ਤੋਂ ਬਾਅਦ ਪੰਜਾਬ ਵਿੱਚ ਹੁਣ ਤੱਕ 25 ਤੋਂ ਵੱਧ ਲੋਕ ਜਾਸੂਸੀ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਸਰਹੱਦੀ ਇਲਾਕਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਵੱਲੋਂ ਨਿਗਰਾਨੀ ਹੋਰ ਸਖ਼ਤ ਕਰ ਦਿੱਤੀ ਗਈ ਹੈ।
Major Crackdown On Spy Network In Punjab Three Youths From Jalandhar Arrested On Charges Of Pakistani Links