April 22, 2026
Punjab Speaks Team / Punjab
22 ਅਪ੍ਰੈਲ 2026 : ਅਬੋਹਰ ਦੇ ਪਟੇਲ ਪਾਰਕ ਨੇੜੇ ਬੀਤੀ ਰਾਤ ਇੱਕ ਘਰ ਵਿੱਚ ਹੋਏ ਰਹੱਸਮਈ ਧਮਾਕੇ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਧਮਾਕਾ ਇੰਨਾ ਭਿਆਨਕ ਸੀ ਕਿ ਘਰ ਦੀ ਇੱਕ ਕੰਧ ਡਿੱਗ ਗਈ ਅਤੇ ਨੇੜਲੀਆਂ ਦੁਕਾਨਾਂ ਦੇ ਦਰਵਾਜ਼ੇ ਵੀ ਉੱਡ ਗਏ। ਇਸ ਹਾਦਸੇ ਵਿੱਚ ਇੱਕ ਔਰਤ ਸਮੇਤ ਤਿੰਨ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸੀਨੀਅਰ ਪੁਲੀਸ ਕਪਤਾਨ (SSP) ਗੁਰਮੀਤ ਸਿੰਘ ਸਮੇਤ ਫੋਰੈਂਸਿਕ ਵਿਗਿਆਨ ਲੈਬ (FSL) ਦੀ ਟੀਮ ਮੌਕੇ ’ਤੇ ਪਹੁੰਚ ਗਈ। ਮੁੱਢਲੀ ਜਾਂਚ ਵਿੱਚ ਧਮਾਕੇ ਦਾ ਕਾਰਨ ਗੈਸ ਸਿਲੰਡਰ ਦਾ ਫਟਣਾ ਦੱਸਿਆ ਜਾ ਰਿਹਾ ਹੈ, ਹਾਲਾਂਕਿ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਘਰ ਵਿੱਚ ਕਿਸੇ ਜਲਣਸ਼ੀਲ ਪਦਾਰਥ ਦੀ ਮੌਜੂਦਗੀ ਕਾਰਨ ਧਮਾਕਾ ਇੰਨਾ ਜ਼ਬਰਦਸਤ ਹੋ ਸਕਦਾ ਹੈ। ਅਸਲ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ।
ਜਾਣਕਾਰੀ ਅਨੁਸਾਰ ਇਹ ਧਮਾਕਾ ਸਥਾਨਕ ਨਿਵਾਸੀ ਦੀਪੂ ਚੁੱਘ ਦੇ ਘਰ ਹੋਇਆ। ਇਸ ਦੀ ਲਪੇਟ ਵਿੱਚ ਨੇੜੇ ਹੀ ਤੰਦੂਰ ਚਲਾਉਣ ਵਾਲਾ ਇੱਕ ਵਿਅਕਤੀ ਅਤੇ ਰੋਟੀਆਂ ਲੈਣ ਆਇਆ ਇੱਕ ਗਾਹਕ ਵੀ ਆ ਗਏ। ਤੰਦੂਰ ਵਾਲੀ ਦੁਕਾਨ ਅੰਦਰ ਰੱਖਿਆ ਫਰਿੱਜ ਅਤੇ ਹੋਰ ਸਾਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਘਟਨਾ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।
ਧਮਾਕੇ ਤੋਂ ਬਾਅਦ ਇਲਾਕਾ ਨਿਵਾਸੀਆਂ ਨੇ ਹਿੰਮਤ ਦਿਖਾਉਂਦੇ ਹੋਏ ਅੱਗ ਦੀਆਂ ਲਪਟਾਂ ਵਿਚਕਾਰ ਘਰ ਅੰਦਰ ਪਏ ਕਈ ਹੋਰ ਗੈਸ ਸਿਲੰਡਰਾਂ ਨੂੰ ਬਾਹਰ ਕੱਢ ਲਿਆ। ਜੇਕਰ ਇਹ ਸਿਲੰਡਰ ਵੀ ਅੱਗ ਦੀ ਲਪੇਟ ਵਿੱਚ ਆ ਜਾਂਦੇ ਤਾਂ ਜਾਨ-ਮਾਲ ਦਾ ਵੱਡਾ ਨੁਕਸਾਨ ਹੋ ਸਕਦਾ ਸੀ। ਸਾਬਕਾ ਵਿਧਾਇਕ ਅਰੁਣ ਨਾਰੰਗ ਨੇ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ। ਜ਼ਖ਼ਮੀਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਉੱਚ ਸਹੂਲਤਾਂ ਵਾਲੇ ਹਸਪਤਾਲ ਵਿੱਚ ਰੈਫਰ ਕੀਤੇ ਜਾਣ ਦੀ ਸੰਭਾਵਨਾ ਹੈ।
Powerful Explosion In Abohar Wall Of House Collapses Doors Of Shops Blown Off Three Injured Including Woman