February 13, 2026
Punjab Speaks Team / Panjab
ਨਵੀਂ ਦਿੱਲੀ, 13 ਫਰਵਰੀ 2026 :- ਵਣਜ ਅਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਦੇ ਨਾਲ ਹੋਏ ਵਪਾਰ ਸਮਝੌਤੇ ਦੇ ਤਹਿਤ ਅਮਰੀਕੀ ਸੂਤ ਤੇ ਕਪਾਹ ਨਾਲ ਬਣੇ ਕੱਪੜਿਆਂ ’ਤੇ ਭਾਰਤ ਨੂੰ ਵੀ ਰਿਆਇਤੀ ਟੈਰਿਫ ਦਾ ਲਾਭ ਮਿਲੇਗਾ। ਬੰਗਲਾਦੇਸ਼ੀ ਕੱਪੜੇ ਵਾਂਗ ਭਾਰਤੀ ਕੱਪੜਿਆਂ ’ਤੇ ਵੀ ਅਮਰੀਕਾ ਦੁਵੱਲਾ ਟੈਰਿਫ ਸਿਫ਼ਰ ਕਰ ਦੇਵੇਗਾ।
ਅਮਰੀਕਾ ਬੰਗਲਾਦੇਸ਼ੀ ਚੀਜ਼ਾਂ ’ਤੇ ਦੁਵੱਲਾ ਟੈਰਿਫ ਘਟਾ ਕੇ 19 ਫ਼ੀਸਦੀ ਕਰ ਦੇਵੇਗਾ, ਪਰ ਕੱਪੜੇ ’ਤੇ ਸਿਫ਼ਰ ਟੈਰਿਫ ਤਦ ਲੱਗੇਗਾ, ਜਦ ਉਹ ਅਮਰੀਕੀ ਕਪਾਹ ਤੇ ਬਣਾਉਟੀ ਰੇਸ਼ਿਆਂ ਨਾਲ ਬਣਿਆ ਹੋਵੇ। ਮੌਜੂਦਾ ਸਮੇਂ ’ਚ ਬੰਗਲਾਦੇਸ਼ੀ ਕੱਪੜਿਆਂ ’ਤੇ 31 ਫ਼ੀਸਦੀ ਟੈਰਿਫ ਲੱਗਦਾ ਹੈ (12 ਫ਼ੀਸਦੀ ਮੋਸਟ ਫੇਵਰਡ ਨੇਸ਼ਨ ਟੈਰਿਫ ਤੇ 19 ਫ਼ੀਸਦੀ ਦੁਵੱਲਾ ਟੈਰਿਫ)। ਜੇ ਉਨ੍ਹਾਂ ’ਚ ਅਮਰੀਕੀ ਸੂਤ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਟੈਰਿਫ ਘਟ ਕੇ 12 ਫ਼ੀਸਦੀ ਹੋ ਜਾਵੇਗਾ। ਭਾਵ ਦੁਵੱਲਾ ਟੈਰਿਫ ਸਿਫ਼ਰ ਹੋ ਜਾਵੇਗਾ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਬੰਦਲਾਦੇਸ਼ ਨੂੰ ਜੋ ਮਿਲਿਆ ਹੈ, ਉਹ ਆਖ਼ਰੀ ਸਮਝੌਤੇ ’ਚ ਭਾਰਤ ਨੂੰ ਵੀ ਮਿਲਣ ਵਾਲਾ ਹੈ। ਜੇ ਕੋਈ ਭਾਰਤੀ ਕੰਪਨੀ ਅਮਰੀਕਾ ਤੋਂ ਧਾਗਾ ਤੇ ਕਪਾਹ ਖ਼ਰੀਦ ਕੇ ਕੱਪੜੇ ਬਣਾਉਂਦੀ ਹੈ ਤੇ ਉਸ ਨੂੰ ਅਮਰੀਕਾ ਨੂੰ ਬਰਾਮਦ ਕਰਦੀ ਹੈ, ਤਾਂ ਉਨ੍ਹਾਂ ਕੱਪੜਿਆਂ ਨੂੰ ਵੀ ਬੰਗਲਾਦੇਸ਼ੀ ਕੰਪਨੀਆਂ ਵਾਂਗ ਅਮਰੀਕਾ ’ਚ ਟੈਰਿਫ ਮੁਕਤ ਪ੍ਰਵੇਸ਼ ਮਿਲੇਗਾ। ਇਹ ਗੱਲ ਅਮਰੀਕਾ-ਬੰਗਲਾਦੇਸ਼ ਸਮਝੌਤੇ ’ਚ ਸ਼ਾਮਲ ਹੈ ਤੇ ਇਹ ਸਾਡੇ ਸਮਝੌਤੇ ’ਚ ਵੀ ਹੋਵੇਗੀ। ਗੋਇਲ ਨੇ ਇਹ ਵੀ ਕਿਹਾ ਕਿ ਇਸ ਦਾ ਭਾਰਤੀ ਕਪਾਹ ਪੈਦਾ ਕਰਨ ਵਾਲੇ ਕਿਸਾਨਾਂ ’ਤੇ ਕੋਈ ਅਸਰ ਨਹੀਂ ਪਵੇਗਾ। ਅਮਰੀਕਾ ’ਚ ਕਪਾਹ ਦਾ ਉਤਪਾਦਨ ਸੀਮਤ ਹੈ। ਉਸ ਦੀ ਬਰਾਮਦ ਸਿਰਫ਼ 50 ਲੱਖ ਅਮਰੀਕੀ ਡਾਲਰ ਹੈ, ਜਦਕਿ ਭਾਰਤ ਦਾ ਟੀਚਾ 50 ਅਰਬ ਅਮਰੀਕੀ ਡਾਲਰ ਦੀ ਬਰਾਮਦ ਹੈ। ਗੋਇਲ ਦੀਆਂ ਇਹ ਟਿੱਪਣੀਆਂ ਇਸ ਲਿਹਾਜ਼ ਨਾਲ ਮਹੱਤਵਪੂਰਨ ਹਨ, ਕਿਉਂਕਿ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਸਰਕਾਰ ’ਤੇ ਸਰੰਡਰ ਕਰਨ ਦਾ ਦੋਸ਼ ਲਾ ਰਹੇ ਹਨ। ਉਨ੍ਹਾਂ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਭਾਰਤ-ਅਮਰੀਕਾ ਅੰਤ੍ਰਿਮ ਵਪਾਰ ਸਮਝੌਤਾ ਪੂਰੀ ਤਰ੍ਹਾਂ ਨਾਲ ਸਰੰਡਰ ਹੈ। ਇਸ ’ਚ ਭਾਰਤ ਦੀ ਊਰਜਾ ਸੁਰੱਖਿਆ ਅਮਰੀਕਾ ਨੂੰ ਸੌਂਪ ਦਿੱਤੀ ਗਈ ਹੈ ਤੇ ਕਿਸਾਨਾਂ ਦੇ ਹਿੱਤਾਂ ਨਾਲ ਸਮਝੌਤਾ ਕੀਤਾ ਗਿਆ ਹੈ।
ਭਾਰਤ ਨੂੰ ਗਲੋਬਲ ਜੀਡੀਪੀ ਦੇ 70 ਫ਼ੀਸਦੀ ਹਿੱਸੇ ਤੱਕ ਸਿਫ਼ਰ ਟੈਰਿਫ ’ਤੇ ਬਾਜ਼ਾਰ ਮਿਲਿਆ
ਵਣਜ ਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਨੂੰ ਹੁਣ ਗਲੋਬਲ ਜੀਡੀਪੀ ਦੇ 70 ਫ਼ੀਸਦੀ ਹਿੱਸੇ ਤੱਕ ਬਾਜ਼ਾਰ ਪਹੁੰਚ ਪ੍ਰਾਪਤ ਹੈ। ਘਰੇਲੂ ਉਤਪਾਦਾਂ ’ਤੇ ਜ਼ਿਆਦਾਤਰ ਮਾਮਲਿਆਂ ’ਚ ਸਿਫ਼ਰ ਟੈਰਿਫ ਲੱਗਦਾ ਹੈ। ਇਕ ਸਟਾਰਟਅਪ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਗੋਇਲ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ’ਚ ਨੌਂ ਮੁਕਤ ਵਪਾਰ ਸਮਝੌਤੇ (ਐੱਫਟੀਏ) ਹੋਏ ਹਨ। ਇਨ੍ਹਾਂ ’ਚ ਉੱਚ ਪ੍ਰਤੀ ਵਿਅਕਤੀ ਆਦਮਨ ਵਾਲੇ 38 ਦੇਸ਼ ਸ਼ਾਮਲ ਹਨ। ਜ਼ਿਆਦਾਤਰ ਵਿਕਸਿਤ ਬਾਜ਼ਾਰਾਂ ਦੇ ਨਾਲ ਹੁਣ ਭਾਰਤ ਦਾ ਵਪਾਰਕ ਸਮਝੌਤਾ ਹੈ। ਇਨ੍ਹਾਂ ’ਚ 27 ਦੇਸ਼ਾਂ ਦਾ ਯੂਰਪੀ ਸੰਘ, ਚਾਰ ਦੇਸ਼ਾਂ ਦਾ ਯੂਰਪੀ ਮੁਕਤ ਵਪਾਰ ਸੰਘ, ਬ੍ਰਿਟੇਨ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਅਮਰੀਕਾ ਸ਼ਾਮਲ ਹਨ। ਜਾਪਾਨ ਤੇ ਕੋਰੀਆ ਦੇ ਨਾਲ ਸਮਝੌਤੇ ਪਹਿਲਾਂ ਦੀ ਸਮਾਪਤ ਹੋ ਚੁੱਕੇ ਹਨ। ਆਸੀਆਨ ਦੇਸ਼ਾਂ ਦੇ ਨਾਲ ਵੀ ਸਮਝੌਤੇ ਹੋਏ ਹਨ। ਇਨ੍ਹਾਂ ਵਪਾਰ ਸਮਝੌਤਿਆਂ ਨਾਲ ਘਰੇਲੂ ਮੈਡੀਕਲ ਉਪਕਰਣ ਉਦਯੋਗ ਨੂੰ ਵੀ ਰਿਆਇਤੀ ਟੈਰਿਫ ’ਤੇ ਬਾਜ਼ਾਰ ਮਿਲੇਗਾ।
Indian Garments May Get Zero Tariff Benefit In US Market Piyush Goyal s Important Statement