June 1, 2026
Punjab Speaks Team / Punjab
ਅੰਮ੍ਰਿਤਸਰ 01 ਜੂਨ 2026 :ਮੇਰੇ ਘਰ ਦੇ ਪਿੱਛੇ ਇਕ ਛੋਟਾ ਜਿਹਾ ਬੈਂਕੁਇਟ ਹਾਲ ਖੋਲ੍ਹਿਆ ਸੀ, ਜਿਸ ਵਿਚ ਮਾਂ ਅਤੇ ਦਾਦੀ (ਬੀਜੀ) ਤੋਂ ਕੁਕਿੰਗ ਸਿੱਖੀ। ਇਸ ਮੁਕਾਮ ਤੱਕ ਪੁੱਜਣ ਲਈ ਮੈਨੂੰ ਤੰਦੂਰ ਵਾਂਗ ਤਪ ਕੇ ਮਜਬੂਤ ਬਣਨਾ ਪਿਆ। ਕਿਉਂਕਿ ਮੇਰੇ ਪਿਤਾ ਨੇ ਵੀ ਮੈਨੂੰ ਜਨਮ ਦਿਨ ’ਤੇ ਤੋਹਫੇ ’ਚ ਤੰਦੂਰ ਦਿੱਤਾ ਸੀ। ਉਹ ਤੰਦੂਰਾਂ ਵਾਲਾ ਚੌਂਕ ਤੋਂ ਰਿਕਸ਼ੇ ’ਤੇ ਤੰਦੂਰ ਘਰ ਲੈ ਕੇ ਆਈ ਸੀ। ਇਹ ਗੱਲਾਂ ਪ੍ਰਸਿੱਧ ਇੰਟਰਨੈਸ਼ਨਲ ਸ਼ੈਫ ਵਿਕਾਸ ਖੰਨਾ ਨੇ ਫੁਲਕਾਰੀ ਸੰਸਥਾ ਦੇ ਸਮਾਰੋਹ ’ਚ ਪੁੱਜਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀਆਂ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ’ਚ ਜਨਮੇ ਵਿਕਾਸ ਖੰਨਾ ਦੁਨੀਆ ’ਚ ਮਸ਼ਹੂਰ ਹਸਤੀ ਬਣ ਚੁੱਕੇ ਹਨ। ਉਨ੍ਹਾਂ ਨੇ 17 ਸਾਲ ਦੀ ਉਮਰ ’ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਹੁਣ ਨਿਊਯਾਰਕ ’ਚ ‘ਜਨੂਨ’ ਨਾਮਕ ਇਕ ਰੈਸਟੋਰੈਂਟ ਦੇ ਮਾਲਕ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਰੈਸਟੋਰੈਂਟ ਨੂੰ ਮਿਸ਼ੇਲਿਨ ਸਟਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਵਿਕਾਸ ਖੰਨਾ ਨੇ ਕਿਹਾ ਕਿ ਨਿਊਯਾਰਕ ’ਚ ਲੋਕ ਪੰਜਾਬੀ ਖਾਣਾ ਬਹੁਤ ਪਸੰਦ ਕਰਦੇ ਹਨ। ਜਦ ਉਨ੍ਹਾਂ ਆਪਣੇ ਰੈਸਟੋਰੈਂਟ ਦੀ ਸ਼ੁਰੂਆਤ ਕੀਤੀ ਸੀ ਤਾਂ ਬਿਨਾਂ ਬੁਕਿੰਗ ਦੇ ਹੀ ਉਨ੍ਹਾਂ ਦੇ ਰੈਸਟੋਰੈਂਟ ’ਚ 3 ਹਜ਼ਾਰ ਦੇ ਕਰੀਬ ਲੋਕ ਪਹੁੰਚ ਗਏ ਸਨ। ਉਨ੍ਹਾਂ ਦੱਸਿਆ ਕਿ ਕਿਸੇ ਸਮੇਂ ਉਹ ਉੱਥੇ ਠੇਲੇ ’ਤੇ ਚਿਕਨ ਟਿੱਕਾ, ਕੁਲਚੇ ਛੋਲੇ ਅਤੇ ਹੋਰ ਚੀਜ਼ਾਂ ਵੇਚਦੇ ਸਨ, ਉਸ ਸਮੇਂ ਉਨ੍ਹਾਂ ਦੇ ਪਿਤਾ ਨੇ ਉਸ ਨੂੰ ਉਸ ਹਾਲਤ ’ਚ ਦੇਖ ਕੇ ਵਾਪਸ ਆਉਣ ਲਈ ਕਿਹਾ ਸੀ ਪਰ ਮਾਂ ਨੇ ਹੌਂਸਲਾ ਅਫ਼ਜਾਈ ਕੀਤੀ ਤੇ ਆਪਣੀ ਮਿਹਨਤ ਸਦਕਾ ਕਾਮਯਾਬ ਹੋਣ ਦੀ ਗੱਲ ਆਖੀ ਸੀ।
ਖੰਨਾ ਨੇ ਕਿਹਾ ਕਿ ਉਨ੍ਹਾਂ ਲਈ ਮਾਪਿਆਂ ਤੇ ਦਾਦੀ ਦਾ ਅਸ਼ੀਰਵਾਦ ਹੀ ਉਨ੍ਹਾਂ ਦੀ ਕਾਮਯਾਬੀ ਦੀ ਵੱਡੀ ਹਿੰਮਤ ਰਹੀ ਹੈ। ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ 1991 ’ਚ ਉਨ੍ਹਾਂ ਰਸੋਈ ਕਲਾ ਨੂੰ ਚੁਣਿਆ, ਇਕ ਅਜਿਹਾ ਫੈਸਲਾ ਜਿਸ ਵਿਚ ਸਿਵਾਏ ਮੇਰੀ ਦਾਦੀ ਦੇ ਹੋਰ ਕਿਸੇ ਨੇ ਹੌਂਸਲਾ ਅਫਜਾਈ ਨਹੀਂ ਕੀਤੀ ਸੀ। ਇਹ ਉਹ ਪਲ ਜਿਨ੍ਹਾਂ ਨੇ ਮੈਨੂੰ ਲਗਭਗ ਤੋੜ ਦਿੱਤਾ। ਜਦੋਂ 2000 ਵਿਚ ਮੇਰਾ ਰੈਸਟੋਰੈਂਟ ਢਹਿ ਗਿਆ ਤਾਂ ਮੈਂ ਲਗਭਗ ਹਾਰ ਮੰਨ ਲਈ। ਉਸ ਤੋਂ ਬਾਅਦ ਉਹ ਅਮਰੀਕਾ ਚਲੇ ਗਏ ਅਤੇ ਨਵੇਂ ਸਿਰੇ ਤੋਂ ਸ਼ੁਰੂਆਤ ਕੀਤੀ। ਖੰਨਾ ਦੀ ਅਮਰੀਕਾ ’ਚ ਨਵੀਂ ਸ਼ੁਰੂਆਤ ਵੀ ਆਸਾਨ ਨਹੀਂ ਸੀ। ਉਨ੍ਹਾਂ ਕੋਲ ਕੰਮ ਕਰਨ ਲਈ ਕੋਈ ਜਗ੍ਹਾ ਨਹੀਂ ਸੀ ਅਤੇ ਨਾ ਹੀ ਸਿਰ ‘ਤੇ ਛੱਤ ਸੀ। ਉਹ ਸੜਕਾਂ ‘ਤੇ ਖਾਣਾ ਪਕਾਉਂਦੇ ਅਤੇ ਵੇਚਦੇ ਸੀ। ਫਿਰ ਇਕ ਸਮਾਂ ਆਇਆ ਜਦੋਂ ਮੈਂ ਟੁੱਟ ਗਿਆ। ਆਪਣੀ ਭੈਣ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਦੁਬਾਰਾ ਉੱਠਿਆ ਅਤੇ ਹੁਣ 2026 ਵਿਚ ਦੁਨੀਆ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ’ਚੋਂ ਇਕ ਹਾਂ। ਅਜੇ ਵੀ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ ਅਤੇ ਜੀਵਨ ਦੀ ਯਾਤਰਾ ਜਾਰੀ ਹੈ।
ਉਨ੍ਹਾਂ ਦੱਸਿਆ ਕਿ ਅੱਠ ਮਿਸ਼ੇਲਿਨ ਸਟਾਰ ਇਕ ਬਹੁਤ ਹੀ ਵੱਕਾਰੀ ਰਸੋਈ ਸਨਮਾਨ ਹਨ। ਇਹ ਸਮੱਗਰੀ, ਤਕਨੀਕ, ਸੁਆਦ ਅਤੇ ਇਕਸਾਰਤਾ ਦੇ ਅਧਾਰ ਤੇ ਗੁਣਵੱਤਾ ਦਾ ਸਭ ਤੋਂ ਉੱਚਾ ਮੁਲਾਂਕਣ ਹੈ।
ਸਭ ਤੋਂ ਪਹਿਲਾਂ ਦਾਦੀ ਲਈ ਬਣਾਈ ਸੀ ਚਾਹ
ਖੰਨਾ ਨੇ ਆਪਣੇ ਖਾਣੇ ਲਈ ਪ੍ਰੇਰਨਾ ਆਪਣੀ ਦਾਦੀ (ਬੀਜੀ) ਤੋਂ ਲਈ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਆਪਣੀ ਦਾਦੀ ਲਈ ਚਾਹ ਬਣਾਈ ਸੀ। ਬੀਜੀ ਨੇ ਕੁਕਿੰਗ ਪ੍ਰਤੀ ਪਿਆਰ ਨੇ ਉਨ੍ਹਾਂ ਨੂੰ ਬਹੁਤ ਪ੍ਰੇਰਿਤ ਕੀਤਾ। ਜਦੋਂ ਮੈਂ ਘਰ ਛੱਡਿਆ ਤਾਂ 17 ਸਾਲਾਂ ਦਾ ਸੀ ਪਰ ਅੱਜ ਵੀ ਆਪਣੇ ਜਨਮ ਦਿਨ ‘ਤੇ ਸੂਜੀ ਦਾ ਹਲਵਾ ਬਣਾਉਂਦਾ ਹਾਂ ਜੋ ਬੀਜੀ ਬਣਾਉਂਦੇ ਸੀ।
ਉਨ੍ਹਾਂ ਕਿਹਾ ਕਿ ਮਾਂ ਵੱਲੋਂ ਪਕਾਏ ਗਏ ਭੋਜਨ ਤੋਂ ਵੱਧ ਸੁਆਦੀ ਅਤੇ ਸਿਹਤਮੰਦ ਕੁਝ ਵੀ ਨਹੀਂ ਹੋ ਸਕਦਾ।
1200 ਪੰਨਿਆਂ ਦੀ ਕਿਤਾਬ ਵੀ ਲਿਖ ਚੁੱਕੇ ਖੰਨਾ
ਖੰਨਾ ਨੇ 2015 ’ਚ ‘ਉਤਸਵ’ ਨਾਮਕ 1200 ਪੰਨਿਆਂ ਦੀ ਕਿਤਾਬ ਜਾਰੀ ਕੀਤੀ, ਜੋ ਭਾਰਤ ’ਚ ਤਿਉਹਾਰਾਂ ਦੌਰਾਨ ਤਿਆਰ ਕੀਤੇ ਜਾਣ ਵਾਲੇ ਪਕਵਾਨਾਂ ਦਾ ਵਰਣਨ ਕਰਦੀ ਹੈ। ਉਨ੍ਹਾਂ ਨੂੰ ਇਸ ਕਿਤਾਬ ਨੂੰ ਪੂਰਾ ਕਰਨ ’ਚ ਲਗਭਗ 12 ਸਾਲ ਲੱਗੇ। ਉਨ੍ਹਾਂ ਇਹ 16 ਕਿੱਲੋਗ੍ਰਾਮ ਦੀ ਕਿਤਾਬ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਭੇਟ ਕੀਤੀ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਦਲਾਈ ਲਾਮਾ ਅਤੇ ਹਿਲੇਰੀ ਕਲਿੰਟਨ ਨੂੰ ਵੀ ਕਾਪੀਆਂ ਭੇਟ ਕੀਤੀਆਂ। ਉਸ ਸਮੇਂ ਕਰਨ ਜੌਹਰ ਨੇ ਵਿਕਾਸ ਨੂੰ ਇਕ ਫਿਲਮ ਦੀ ਪੇਸ਼ਕਸ਼ ਵੀ ਕੀਤੀ ਸੀ, ਪਰ ਵਿਕਾਸ ਨੇ ਇਸ ਨੂੰ ਠੁਕਰਾ ਦਿੱਤਾ।
The Journey From A Cart To Becoming An International Chef Vikas Khanna s Inspiring Success Story