March 23, 2026
Punjab Speaks Team / Panjab
ਨਵੀਂ ਦਿੱਲੀ, 23 ਮਾਰਚ 2026 :- ਮਿਡਲ ਈਸਟ ਸੰਕਟ ਕਾਰਨ ਘਰੇਲੂ ਸਟਾਕ ਵਿੱਚ ਕਮੀ ਅਤੇ ਦਰਾਮਦ (Import) ਘਟਣ ਕਾਰਨ, ਸਰਕਾਰੀ ਤੇਲ ਕੰਪਨੀਆਂ ਸੀਮਤ ਐਲਪੀਜੀ (LPG Crisis) ਨੂੰ ਬਚਾਉਣ ਦੀ ਤਿਆਰੀ ਵਿੱਚ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਹੁਣ ਇਨ੍ਹਾਂ ਕੰਪਨੀਆਂ ਦੀ ਯੋਜਨਾ ਇਹ ਹੈ ਕਿ ਘਰਾਂ ਵਿੱਚ 14.2 ਕਿਲੋਗ੍ਰਾਮ ਵਾਲੇ ਸਿਲੰਡਰਾਂ ਵਿੱਚ ਕੇਵਲ 10 ਕਿਲੋਗ੍ਰਾਮ LPG ਦੀ ਸਪਲਾਈ ਕੀਤੀ ਜਾਵੇ। ਇਸ ਪ੍ਰਸਤਾਵ ‘ਤੇ ਫਿਲਹਾਲ ਵਿਚਾਰ ਚੱਲ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਕਦਮ ਦਾ ਮਕਸਦ LPG ਨੂੰ ਬਚਾਉਣਾ ਹੈ, ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਘਰਾਂ ਤੱਕ ਇਸ ਦੀ ਸਪਲਾਈ ਬਣੀ ਰਹੇ।
ਕਿੰਨੇ ਦਿਨ ਚੱਲੇਗਾ 10 ਕਿਲੋ ਵਾਲਾ ਸਿਲੰਡਰ?
ਮੀਡੀਆ ਰਿਪੋਰਟਾਂ ਅਨੁਸਾਰ ਕੰਪਨੀਆਂ ਦੇ ਅਨੁਮਾਨਾਂ ਮੁਤਾਬਕ, ਇੱਕ ਔਸਤ ਪਰਿਵਾਰ ਲਈ 14.2 ਕਿਲੋਗ੍ਰਾਮ ਦਾ ਇੱਕ ਸਟੈਂਡਰਡ ਸਿਲੰਡਰ 35-40 ਦਿਨਾਂ ਤੱਕ ਚੱਲਦਾ ਹੈ। 10 ਕਿਲੋਗ੍ਰਾਮ ਦੀ ਰਿਫਿਲ ਇੱਕ ਘਰ ਲਈ ਲਗਪਗ ਇੱਕ ਮਹੀਨੇ ਤੱਕ ਚੱਲ ਸਕਦੀ ਹੈ, ਜਿਸ ਨਾਲ ਕਿੱਲਤ ਦੇ ਇਸ ਦੌਰ ਵਿੱਚ ਉਪਲਬਧ ਸਟਾਕ ਨੂੰ ਵੱਧ ਤੋਂ ਵੱਧ ਘਰਾਂ ਤੱਕ ਪਹੁੰਚਾਇਆ ਜਾ ਸਕੇਗਾ।
ਕੀਮਤ ਕਿੰਨੀ ਘੱਟ ਹੋਵੇਗੀ?
ਰਿਪੋਰਟਾਂ ਮੁਤਾਬਕ ਸਿਲੰਡਰਾਂ ‘ਤੇ ਇੱਕ ਨਵਾਂ ਸਟਿੱਕਰ ਲਗਾਇਆ ਜਾਵੇਗਾ, ਜੋ ਘੱਟ ਮਾਤਰਾ ਵਿੱਚ ਗੈਸ ਭਰੇ ਜਾਣ ਦੀ ਜਾਣਕਾਰੀ ਦੇਵੇਗਾ। ਨਾਲ ਹੀ, ਕੀਮਤਾਂ ਵਿੱਚ ਵੀ ਉਸੇ ਅਨੁਪਾਤ (Ratio) ਵਿੱਚ ਕਟੌਤੀ ਕੀਤੀ ਜਾਵੇਗੀ। ਪਲਾਂਟਾਂ ਨੂੰ ਆਪਣੇ ਭਾਰ ਮਾਪਣ ਵਾਲੇ ਸਿਸਟਮ ਨੂੰ ਦੁਬਾਰਾ ਸੈੱਟ ਕਰਨਾ ਹੋਵੇਗਾ, ਅਤੇ ਇਸ ਦੇ ਲਈ ਕੁਝ ਰੈਗੂਲੇਟਰੀ ਮਨਜ਼ੂਰੀਆਂ ਦੀ ਵੀ ਲੋੜ ਪੈ ਸਕਦੀ ਹੈ।
ਅਗਲੇ ਮਹੀਨੇ ਕਿਹੋ ਜਿਹੇ ਹੋ ਸਕਦੇ ਹਨ ਹਾਲਾਤ?
ਕੰਪਨੀਆਂ ਨੂੰ ਚਿੰਤਾ ਹੈ ਕਿ ਅਚਾਨਕ ਕੀਤੀ ਗਈ ਇਸ ਕਟੌਤੀ ਨਾਲ ਭੰਬਲਭੂਸਾ, ਵਿਰੋਧ ਪ੍ਰਦਰਸ਼ਨ ਅਤੇ ਸਿਆਸੀ ਵਿਰੋਧ ਦੀ ਸਥਿਤੀ ਪੈਦਾ ਹੋ ਸਕਦੀ ਹੈ, ਖਾਸ ਕਰਕੇ ਉਦੋਂ ਜਦੋਂ ਕੁਝ ਅਹਿਮ ਸੂਬਿਆਂ ਵਿੱਚ ਚੋਣਾਂ ਨਜ਼ਦੀਕ ਹਨ। ਹਾਲਾਂਕਿ, ਖ਼ਦਸ਼ਾ ਹੈ ਕਿ ਅਗਲੇ ਮਹੀਨੇ ਸਪਲਾਈ ਦੀ ਸਥਿਤੀ ਹੋਰ ਵੀ ਵਿਗੜ ਸਕਦੀ ਹੈ, ਜਿਸ ਨਾਲ ਕੰਪਨੀਆਂ ਕੋਲ ਵਿਕਲਪ ਬਹੁਤ ਸੀਮਤ ਰਹਿ ਜਾਣਗੇ।
ਖਾੜੀ ਦੇਸ਼ਾਂ (Gulf Region) ਤੋਂ ਕੋਈ ਨਵੀਂ ਖੇਪ ਨਹੀਂ
ਖਾੜੀ ਖੇਤਰ ਤੋਂ ਕੋਈ ਨਵੀਂ ਖੇਪ ਰਸਤੇ ਵਿੱਚ ਨਹੀਂ ਹੈ। ਪਿਛਲੇ ਹਫ਼ਤੇ ਸਟ੍ਰੇਟ ਆਫ਼ ਹੋਰਮੁਜ਼ (Strait of Hormuz) ਤੋਂ ਕੇਵਲ ਦੋ ਜਹਾਜ਼ ਭਾਰਤ ਆਏ, ਜੋ ਕੁੱਲ ਮਿਲਾ ਕੇ 92,700 ਟਨ ਐਲਪੀਜੀ ਲਿਆਏ, ਜੋ ਲਗਪਗ ਇੱਕ ਦਿਨ ਦੀ ਰਾਸ਼ਟਰੀ ਖਪਤ ਦੇ ਬਰਾਬਰ ਹੈ। ਵਪਾਰਕ ਉਪਭੋਗਤਾਵਾਂ ਨੂੰ ਸਪਲਾਈ ਦੀ ਥੋੜ੍ਹੀ ਬਹਾਲੀ ਨਾਲ ਪਹਿਲਾਂ ਤੋਂ ਹੀ ਘੱਟ ਹੋਏ ਭੰਡਾਰ ‘ਤੇ ਦਬਾਅ ਹੋਰ ਵਧ ਗਿਆ ਹੈ।
ਭਾਰਤ ਦੀ 93,500 ਟਨ ਦੀ ਰੋਜ਼ਾਨਾ LPG ਵਰਤੋਂ ਵਿੱਚੋਂ 80,400 ਟਨ (86%) ਘਰਾਂ ਵਿੱਚ ਵਰਤੀ ਜਾਂਦੀ ਹੈ। ਮਾਰਚ ਦੇ ਪਹਿਲੇ ਪੰਦਰਵਾੜੇ ਵਿੱਚ, ਕੁੱਲ ਖਪਤ ਵਿੱਚ 17% ਦੀ ਗਿਰਾਵਟ ਆਈ, ਜਿਸ ਤੋਂ ਪਤਾ ਚੱਲਦਾ ਹੈ ਕਿ ਇਸ ਦਾ ਅਸਰ ਕਮਰਸ਼ੀਅਲ ਯੂਜ਼ਰਸ ਤੋਂ ਵੀ ਅੱਗੇ ਵਧ ਗਿਆ ਹੈ।
Preparations For Reduction In LPG The Weight Of The Cylinder Will Decrease Now You Will Have To Live On Only 10 Kg