March 3, 2026
Punjab Speaks Team / Panjab
ਸ੍ਰੀ ਅਨੰਦਪੁਰ ਸਾਹਿਬ 03 ਮਾਰਚ 2026 : ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਆਪਕ ਸਫਾਈ ਅਤੇ ਦਰੱਖਤਾਂ ਦੀ ਛੰਟਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਨੂੰ ਕਾਰ ਸੇਵਾ ਭੂਰੀ ਵਾਲਿਆਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਇਹ ਸਾਂਝੀ ਕੋਸ਼ਿਸ਼ ਨਾਗਰਿਕ ਪ੍ਰਸ਼ਾਸਨ ਅਤੇ ਧਾਰਮਿਕ ਸੰਸਥਾਵਾਂ ਦਰਮਿਆਨ ਮਜ਼ਬੂਤ ਸਹਿਯੋਗ ਦਾ ਪ੍ਰਤੀਕ ਹੈ, ਜਿਸ ਦਾ ਮਕਸਦ ਗੁਰੂ ਨਗਰੀ ਦੀ ਪਵਿੱਤਰਤਾ, ਸਫਾਈ ਅਤੇ ਕੁਦਰਤੀ ਸੁੰਦਰਤਾ ਨੂੰ ਬਰਕਰਾਰ ਰੱਖਣਾ ਹੈ। ਇਹ ਅਭਿਆਨ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਅਤੇ ਬਾਬਾ ਸੁੱਚਾ ਸਿੰਘ ਜੀ ਦੀ ਰਹਿਨੁਮਾਈ ਹੇਠ ਚਲਾਇਆ ਜਾ ਰਿਹਾ ਹੈ, ਜਿਨ੍ਹਾਂ ਦੀ ਸਮਾਜ ਸੇਵਾ ਪ੍ਰਤੀ ਵਚਨਬੱਧਤਾ ਨੇ ਖੇਤਰ ਵਿੱਚ ਪਰਿਆਵਰਣ ਜਾਗਰੂਕਤਾ ਅਤੇ ਲੋਕ-ਭਲਾਈ ਨੂੰ ਮਜ਼ਬੂਤ ਕੀਤਾ ਹੈ।
ਇਹ ਮੁਹਿੰਮ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਤਖ਼ਤਾਂ ਵਿੱਚੋਂ ਇੱਕ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ਼ੁਰੂ ਕੀਤੀ ਗਈ ਸੀ। ਇੱਥੇ ਸਫਾਈ ਅਤੇ ਆਸ-ਪਾਸ ਦੇ ਇਲਾਕੇ ਨੂੰ ਸੁਚੱਜਾ ਬਣਾਉਣ ‘ਤੇ ਖ਼ਾਸ ਧਿਆਨ ਦਿੱਤਾ ਜਾਵੇਗਾ, ਤਾਂ ਜੋ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਸਾਫ਼- ਮਾਹੌਲ ਤਿਆਰ ਕੀਤਾ ਜਾ ਸਕੇ। ਇਸ ਤੋਂ ਬਾਅਦ ਮੁਹਿੰਮ ਗੁਰਦੁਆਰਾ ਕੰਪਲੈਕਸ ਦੀ ਪਿਛਲੀ ਵੀ.ਆਈ.ਪੀ. ਸੜਕ ਵੱਲ ਵੀ ਜਾਰੀ ਹੈ, ਜਿੱਥੇ ਨਗਰ ਕੌਂਸਲ ਦੇ ਕਰਮਚਾਰੀ ਅਤੇ ਸੇਵਾਦਾਰ ਮਿਲਜੁਲ ਕੇ ਕੂੜਾ-ਕਰਕਟ ਹਟਾਉਣ ਅਤੇ ਸਫਾਈ ਮਿਆਰ ਸੁਧਾਰਨ ਲਈ ਕੰਮ ਕਰਨਗੇ।
ਇਸ ਮੁਹਿੰਮ ਕਿਲ੍ਹਾ ਅਨੰਦਗੜ੍ਹ ਸਾਹਿਬ ਨੂੰ ਜਾਣ ਵਾਲੀ ਸੜਕ ਵੱਲ ਵੀ ਜਾਰੀ ਹੈ। ਇਸ ਮਾਰਗ ‘ਤੇ ਦਰੱਖਤਾਂ ਦੀ ਛੰਟਾਈ ਕਰਕੇ ਵਧੇਰੇ ਹੋਈਆਂ ਟਾਹਣੀਆਂ ਹਟਾਈਆਂ ਗਈਆਂ, ਜਿਸ ਨਾਲ ਆਵਾਜਾਈ ਸੁਚਾਰੂ ਅਤੇ ਸੁਰੱਖਿਅਤ ਬਣੀ ਹੈ। ਇਸ ਮੁਹਿੰਮ ਵਿੱਚ ਵਿਰਾਸਤ ਏ ਖਾਲਸਾ ਨੂੰ ਜਾਣ ਵਾਲੀ ਸੜਕ ਵੀ ਸ਼ਾਮਲ ਕੀਤੀ ਗਈ ਹੈ, ਜੋ ਸ਼ਰਧਾਲੂਆਂ ਅਤੇ ਸੈਲਾਨੀਆਂ ਲਈ ਇੱਕ ਪ੍ਰਸਿੱਧ ਸਥਾਨ ਹੈ। ਇੱਥੇ ਸਫਾਈ ਯਤਨਾਂ ਰਾਹੀਂ ਸ਼ਹਿਰ ਦੀ ਸੁਚੱਜੀ ਅਤੇ ਸੁਧਰੀ ਤਸਵੀਰ ਪੇਸ਼ ਕਰਨ ਦੇ ਨਾਲ-ਨਾਲ ਵਾਤਾਵਰਣ ਸੁਰੱਖਿਆ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਪ੍ਰਸ਼ਾਸਨ ਵੱਲੋਂ ਨੇੜਲੇ ਬਜ਼ਾਰ ਖੇਤਰ ਨੂੰ ਵੀ ਇਸ ਮੁਹਿੰਮ ਵਿੱਚ ਸ਼ਾਮਲ ਕੀਤਾ ਗਿਆ ਹੈ, ਤਾਂ ਜੋ ਕੂੜੇ ਦੇ ਢੇਰਾਂ ਨੂੰ ਹਟਾ ਕੇ ਜਨ ਸਿਹਤ ਮਿਆਰਾਂ ਨੂੰ ਬਿਹਤਰ ਬਣਾਇਆ ਜਾ ਸਕੇ। ਅਧਿਕਾਰੀਆਂ ਨੇ ਦੁਕਾਨਦਾਰਾਂ ਅਤੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁਹਿੰਮ ਵਿੱਚ ਸਰਗਰਮ ਭਾਗੀਦਾਰੀ ਨਿਭਾਉਣ। ਪ੍ਰਸ਼ਾਸਨਿਕ ਯੋਜਨਾ ਅਤੇ ਕਾਰ ਸੇਵਾ ਭੂਰੀ ਵਾਲਿਆਂ ਦੀ ਸੇਵਾ ਭਾਵਨਾ ਦੇ ਮਿਲਾਪ ਨਾਲ ਇਹ ਅਭਿਆਨ ਸਫਾਈ ਅਤੇ ਸਮੁਦਾਇਕ ਸਹਿਯੋਗ ਦਾ ਇਕ ਨਵਾਂ ਮਾਪਦੰਡ ਸਥਾਪਿਤ ਕਰਨ ਵੱਲ ਕਦਮ ਹੈ।
Administration Launches Extensive Cleaning Campaign And Tree Pruning Campaign In Sri Anandpur Sahib