June 12, 2026
Punjab Speaks Team / Punjab
12 ਜੂਨ 2026 :ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਮਹਾਨਗਰ ਲੁਧਿਆਣਾ ਦੇ ਪੱਖੋਵਾਲ ਰੋਡ ਸਥਿਤ ਮਾਂ ਬਗਲਾਮੁਖੀ ਧਾਮ ਟਰੱਸਟ ਨਾਲ ਜੁੜੇ ਸੈਂਕੜੇ ਸ਼ਰਧਾਲੂਆਂ ਤੇ ਸੇਵਾਦਾਰਾਂ ਨੇ ਧਾਮ ਦੇ ਮੁੱਖ ਪ੍ਰਬੰਧਕਾਂ ਦੀ ਅਗਵਾਈ ਹੇਠ ਰੋਸ ਮਾਰਚ ਕੱਢਦੇ ਹੋਏ ਪੁਲਿਸ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ। ਇਸ ਦੌਰਾਨ ਧਾਮ ਨਾਲ ਜੁੜੇ ਪ੍ਰਬੰਧਕਾਂ ਨੇ ਕੁਝ ਵਿਅਕਤੀਆਂ ਵੱਲੋਂ ਸੋਸ਼ਲ ਮੀਡੀਆ ਤੇ ਹੋਰ ਮਾਧਿਅਮਾਂ ਰਾਹੀਂ ਮਹੰਤ ਪ੍ਰਵੀਨ ਚੌਧਰੀ ਤੇ ਧਾਮ ਸਬੰਧੀ ਕੀਤੀਆਂ ਗਈਆਂ ਟਿੱਪਣੀਆਂ ਨੂੰ ਲੈ ਕੇ ਆਪਣਾ ਪੱਖ ਰੱਖਿਆ ਤੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਪੁਲਿਸ ਕਮਿਸ਼ਨਰ ਦੀ ਗੈਰ-ਮੌਜੂਦਗੀ ’ਚ ਵਧੀਕ ਕਮਿਸ਼ਨਰ ਪੁਲਿਸ ਰੁਪਿੰਦਰ ਸਿੰਘ ਨੇ ਮੰਗ ਪੱਤਰ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਦੋ ਪੁਲਿਸ ਅਧਿਕਾਰੀਆਂ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਜਾਵੇਗਾ, ਜੋ ਸਾਰੇ ਤੱਥਾਂ ਦੀ ਪੜਤਾਲ ਕਰਕੇ ਆਪਣੀ ਰਿਪੋਰਟ ਪੇਸ਼ ਕਰੇਗੀ। ਧਾਮ ਟਰੱਸਟ ਦੇ ਪ੍ਰਮੁੱਖ ਸੇਵਕ ਮਨਪ੍ਰੀਤ ਛਤਵਾਲ ਨੇ ਕਿਹਾ ਕਿ ਕੁਝ ਸਮੇਂ ਤੋਂ ਧਾਮ ਅਤੇ ਮਹੰਤ ਪ੍ਰਵੀਨ ਚੌਧਰੀ ਸਬੰਧੀ ਵੱਖ-ਵੱਖ ਮੰਚਾਂ ’ਤੇ ਚਰਚਾਵਾਂ ਹੋ ਰਹੀਆਂ ਹਨ, ਜਿਸ ਕਾਰਨ ਸ਼ਰਧਾਲੂਆਂ ਵਿੱਚ ਕਈ ਤਰ੍ਹਾਂ ਦੇ ਸਵਾਲ ਪੈਦਾ ਹੋਏ ਹਨ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਮਾਮਲੇ ਦੀ ਪੂਰੀ ਨਿਰਪੱਖਤਾ ਨਾਲ ਜਾਂਚ ਕਰਵਾਈ ਜਾਵੇ ਤਾਂ ਜੋ ਸੱਚਾਈ ਲੋਕਾਂ ਸਾਹਮਣੇ ਆ ਸਕੇ ਅਤੇ ਕਿਸੇ ਵੀ ਤਰ੍ਹਾਂ ਦੀ ਗਲਤ ਫਹਿਮੀ ਨੂੰ ਦੂਰ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਧਾਰਮਿਕ ਅਦਾਰਿਆਂ ਅਤੇ ਉਨ੍ਹਾਂ ਨਾਲ ਜੁੜੀਆਂ ਸ਼ਖਸੀਅਤਾਂ ਸਬੰਧੀ ਜਨਤਕ ਮੰਚਾਂ ’ਤੇ ਕੀਤੀਆਂ ਜਾਣ ਵਾਲੀਆਂ ਟਿੱਪਣੀਆਂ ਦੀ ਤੱਥਾਂ ਦੇ ਆਧਾਰ ’ਤੇ ਜਾਂਚ ਹੋਣੀ ਚਾਹੀਦੀ ਹੈ। ਟਰੱਸਟ ਵੱਲੋਂ ਪ੍ਰਸ਼ਾਸਨ ਨੂੰ ਮਾਮਲੇ ਨਾਲ ਸਬੰਧਿਤ ਵੱਖ-ਵੱਖ ਪਹਿਲੂਆਂ ਦੀ ਪੜਤਾਲ ਕਰਨ ਦੀ ਅਪੀਲ ਕੀਤੀ ਗਈ ਹੈ। ਰੋਸ ਮਾਰਚ ਅਤੇ ਮੰਗ ਪੱਤਰ ਸੌਂਪਣ ਦੇ ਮੌਕੇ ਵਿਧਾਇਕ ਕੁਲਵੰਤ ਸਿੰਘ ਸਿੱਧੂ, ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਵਿਜੈ ਦਾਨਵ, ਸਾਬਕਾ ਮੰਤਰੀ ਭਾਰਤ ਭੂੁਸ਼ਨ ਆਸ਼ੂ ਦੀ ਪਤਨੀ ਸਾਬਕਾ ਕੌਂਸਲਰ ਮਮਤਾ ਆਸ਼ੂ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਅਤੇ ਸੇਵਾਦਾਰ ਹਾਜ਼ਰ ਸਨ। ਇਸ ਮੌਕੇ ਤੇ ਰੋਸ ਪ੍ਰਦਰਸ਼ਨ ਵਿੱਚ ਸ਼ਾਂਡਿਲਿਆ, ਸੁਨੀਲ ਮਹਾਜਨ, ਰਮਨ ਘਈ, ਜਤਿੰਦਰ ਸੂਦ, ਸਾਹਿਲ ਅਗਰਵਾਲ, ਐਡਵੋਕੇਟ ਪ੍ਰਿੰਸ, ਮੋਹਿਤ ਸੂਦ, ਐਡਵੋਕੇਟ ਇਕਬਾਲ ਸਿੰਘ, ਰਾਕੇਸ਼ ਖਹਿਰਾ, ਦਿਨੇਸ਼ ਰੱਲੀ, ਸੰਦੀਪ ਸੂਦ, ਜਤਿਨ ਸੂਦ, ਅਰੁਣ ਮਹਿਤਾ ਸਮੇਤ ਸੈਂਕੜੇ ਸ਼ਰਧਾਲੂ ਹਾਜ਼ਰ ਸਨ।
Hundreds Of Devotees Took Out A Protest March In Support Of Mahant Praveen Chaudhary