June 4, 2026
Punjab Speaks Team / Punjab
ਪਟਿਆਲਾ 04 ਜੂਨ 2026 :ਪੰਜਾਬੀ ਯੂਨੀਵਰਸਿਟੀ ਨੇ ਸਬੰਧਿਤ ਗ਼ੈਰ-ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਲਈ ਐਂਡੋਮੈਂਟ ਫੰਡ ਵਜੋਂ ਰੱਖੀ ਜਾਣ ਵਾਲੀ ਐੱਫਡੀ ਦੀ ਰਾਸ਼ੀ ਵਿੱਚ ਵੱਡਾ ਵਾਧਾ ਕਰ ਦਿੱਤਾ ਹੈ। ਯੂਨੀਵਰਸਿਟੀ ਦੇ ਕਾਲਜ ਵਿਕਾਸ ਕੌਂਸਲ ਵੱਲੋਂ ਜਾਰੀ ਪੱਤਰ ਅਨੁਸਾਰ ਨਵੀਆਂ ਸੋਧੀਆਂ ਦਰਾਂ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈਆਂ ਹਨ।
ਮਿਲੀ ਜਾਣਕਾਰੀ ਅਨੁਸਾਰ ਇਹ ਫ਼ੈਸਲਾ ਵਿੱਤ ਕਮੇਟੀ ਦੀ 25 ਮਾਰਚ 2026 ਦੀ ਮੀਟਿੰਗ ਅਤੇ ਸਿੰਡੀਕੇਟ ਦੀ 27 ਮਾਰਚ 2026 ਦੀ ਬੈਠਕ ਵਿੱਚ ਲਏ ਗਏ ਫ਼ੈਸਲਿਆਂ ਦੇ ਆਧਾਰ ’ਤੇ ਵਾਈਸ-ਚਾਂਸਲਰ ਦੇ ਹੁਕਮਾਂ ਅਨੁਸਾਰ ਕੀਤਾ ਗਿਆ ਹੈ। ਨਵੀਆਂ ਦਰਾਂ ਮੁਤਾਬਕ ਆਰਟਸ, ਸਾਇੰਸ, ਕਾਮਰਸ, ਲਾਅ, ਪ੍ਰੋਫੈਸ਼ਨਲ, ਐਜੂਕੇਸ਼ਨ, ਸਰੀਰਕ ਸਿੱਖਿਆ ਅਤੇ ਮਲਟੀਡਿਸਪਲੀਨਰੀ ਕਾਲਜਾਂ ਲਈ ਐਂਡੋਮੈਂਟ ਫੰਡ ਦੀ ਰਾਸ਼ੀ 20 ਲੱਖ ਰੁਪਏ ਤੋਂ ਵਧਾ ਕੇ 40 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਲੜਕੀਆਂ ਦੇ ਵਿਸ਼ੇਸ਼ ਕਾਲਜਾਂ ਲਈ ਇਹ ਰਾਸ਼ੀ 10 ਲੱਖ ਰੁਪਏ ਤੋਂ ਵਧਾ ਕੇ 20 ਲੱਖ ਰੁਪਏ ਕਰ ਦਿੱਤੀ ਗਈ ਹੈ।
ਯੂਨੀਵਰਸਿਟੀ ਨੇ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਕਾਲਜਾਂ ਦੀਆਂ ਐੱਫਡੀਜ਼ ਪਹਿਲਾਂ ਤੋਂ ਚੱਲ ਰਹੀਆਂ ਹਨ, ਉਨ੍ਹਾਂ ਦੇ ਨਵੀਨੀਕਰਨ ਸਮੇਂ ਨਵੀਆਂ ਸੋਧੀਆਂ ਦਰਾਂ ਅਨੁਸਾਰ ਹੀ ਐੱਫਡੀ ਕਰਵਾਉਣੀ ਹੋਵੇਗੀ। ਸਰੀਰਕ ਸਿੱਖਿਆ ਕਾਲਜਾਂ ਲਈ ਵੀ ਵੱਖ-ਵੱਖ ਕੋਰਸਾਂ ਦੇ ਨਾਮ ’ਤੇ ਅਲੱਗ ਐੱਫਡੀ ਬਣਾਉਣ ਦੀ ਲੋੜ ਨਹੀਂ ਹੋਵੇਗੀ।
ਰਾਹਤ ਵੀ ਦਿੱਤੀ
ਯੂਨੀਵਰਸਿਟੀ ਪ੍ਰਸ਼ਾਸਨ ਨੇ ਕਾਲਜਾਂ ਨੂੰ ਰਾਹਤ ਦਿੰਦਿਆਂ ਐਲਾਨ ਕੀਤਾ ਹੈ ਕਿ ਗ਼ੈਰ-ਸਰਕਾਰੀ ਕਾਲਜਾਂ ਵੱਲੋਂ ਜਮ੍ਹਾਂ ਕਰਵਾਏ ਐਂਡੋਮੈਂਟ ਫੰਡਾਂ ’ਤੇ ਮਿਲਣ ਵਾਲੇ ਵਿਆਜ ਦੇ 50 ਫ਼ੀਸਦੀ ਹਿੱਸੇ ’ਤੇ ਸਰਵਿਸ ਚਾਰਜ ਵਜੋਂ ਕੋਈ ਜੀਐੱਸਟੀ ਨਹੀਂ ਲਿਆ ਜਾਵੇਗਾ। ਇਸ ਫ਼ੈਸਲੇ ਨੂੰ ਕਾਲਜਾਂ ਲਈ ਅੰਸ਼ਕ ਰਾਹਤ ਵਜੋਂ ਦੇਖਿਆ ਜਾ ਰਿਹਾ ਹੈ।
ਨਵੀਆਂ ਦਰਾਂ ਇਕ ਨਜ਼ਰ ਵਿੱਚ
ਆਮ ਕਾਲਜਾਂ ਲਈ ਐਂਡੋਮੈਂਟ ਫੰਡ : 20 ਲੱਖ ਤੋਂ 40 ਲੱਖ ਰੁਪਏ
ਲੜਕੀਆਂ ਦੇ ਕਾਲਜਾਂ ਲਈ : 10 ਲੱਖ ਤੋਂ 20 ਲੱਖ ਰੁਪਏ
ਨਵੀਆਂ ਦਰਾਂ ਤੁਰੰਤ ਪ੍ਰਭਾਵ ਨਾਲ ਲਾਗੂ
ਐੱਫਡੀ ਦੇ ਨਵੀਨੀਕਰਨ ਸਮੇਂ ਨਵੇਂ ਨਿਯਮ ਲਾਗੂ ਹੋਣਗੇ
ਵਿਆਜ ਦੇ 50 ਫ਼ੀਸਦੀ ਹਿੱਸੇ ’ਤੇ ਜੀਐੱਸਟੀ ਨਹੀਂ ਲੱਗੇਗਾ।
Punjabi University Doubles Endowment Fund Amount For Colleges New Rates Come Into Effect With Immediate Effect