May 25, 2026
Punjab Speaks Team / Punjab
ਜਲੰਧਰ 25 ਮਈ 2026 : ਮਈ ਮਹੀਨੇ ਦੀ ਤਪਸ਼ ਨੇ ਲੋਕਾਂ ਦੀ ਪਰੇਸ਼ਾਨੀ ਵਧਾ ਦਿੱਤੀ ਹੈ। ਦਿਨ ਵੇਲੇ 42 ਤੋਂ 45 ਡਿਗਰੀ ਤੱਕ ਪੁੱਜ ਰਿਹਾ ਤਾਪਮਾਨ ਰਾਤ ਸਮੇਂ ਵੀ 26 ਡਿਗਰੀ ਤੋਂ ਹੇਠਾਂ ਨਹੀਂ ਆ ਰਿਹਾ। ਇਸ ਕਾਰਨ ਲੋਕ ਚੈਨ ਦੀ ਨੀਂਦ ਵੀ ਨਹੀਂ ਲੈ ਰਹੇ। ‘ਅਸਮਾਨ ਤੋਂ ਅੱਗ ਵਰ੍ਹ ਰਹੀ ਹੈ…’ ਅੱਜ-ਕੱਲ੍ਹ ਇਹ ਵਾਕ ਆਮ ਹੋ ਗਿਆ ਹੈ। ਹੁਣ ਇਸ ਦਾ ਅਸਰ ਲੋਕਾਂ ਦੀ ਸਿਹਤ ’ਤੇ ਪੈਣਾ ਸ਼ੁਰੂ ਹੋ ਗਿਆ ਹੈ। ਹਸਪਤਾਲਾਂ ਦੀ ਓਪੀਡੀ ’ਚ ਉਲਟੀ, ਚੱਕਰ, ਸਿਰਦਰਦ, ਡੀਹਾਈਡ੍ਰੇਸ਼ਨ ਤੇ ਬੁਖ਼ਾਰ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਤਾਪਮਾਨ ’ਚ ਵਾਧੇ ਤੇ ਦੁਪਹਿਰ ਵੇਲੇ ਚੱਲਣ ਵਾਲੀ ਲੂ ਕਾਰਨ ਸਰੀਰ ’ਚ ਪਾਣੀ ਦੀ ਕਮੀ ਹੋਣ ਨਾਲ ਦਿੱਕਤ ਵਧੀ ਹੈ।
ਗੋਪਾਲ ਨਗਰ ਵਾਸੀ ਆਟੋ ਚਾਲਕ ਰਮੇਸ਼ ਕੁਮਾਰ (38) ਪਿਛਲੇ 10 ਦਿਨਾਂ ਤੋਂ ਰਾਤ ਇਕ ਵਜੇ ਤੋਂ ਬਾਅਦ ਹੀ ਸੌਂ ਪਾ ਰਹੇ ਹਨ। ਉਹ ਕਹਿੰਦੇ ਹਨ ਕਿ ਪੱਖਾ ਚਾਹੇ ਚੱਲਦਾ ਹੈ ਪਰ ਗਰਮ ਹਵਾ ਕਾਰਨ ਘਬਰਾਹਟ ਬਣੀ ਰਹਿੰਦੀ ਹੈ। ਤਿੰਨ ਦਿਨ ਪਹਿਲਾਂ ਚੱਕਰ ਆਉਣ ਕਾਰਨ ਉਹ ਬੇਹੋਸ਼ ਹੋ ਗਏ ਸਨ। ਕਲੀਨੀਕਲ ਜਾਂਚ ਤੋਂ ਬਾਅਦ ਡਾਕਟਰ ਨੇ ਹੀਟ ਸਟ੍ਰੈੱਸ (ਲੂ ਦਾ ਅਸਰ) ਦੱਸਿਆ। ਰਮੇਸ਼ ਵਾਂਗ ਕਈ ਹੋਰ ਲੋਕਾਂ ਨੂੰ ਵੀ ਇਹ ਸਮੱਸਿਆ ਹੈ। ਰਾਤ ਨੂੰ ਨੀਂਦ ਨਾ ਆਉਣਾ, ਘਬਰਾਹਟ ਤੇ ਬੀਪੀ ਵਧਣ ਦੀ ਸ਼ਿਕਾਇਤ ਲੈ ਕੇ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਹਸਪਤਾਲਾਂ ’ਚ 20 ਤੋਂ 30 ਫ਼ੀਸਦੀ ਤੱਕ ਵਧ ਗਈ ਹੈ।
ਸ਼ਾਹਕੋਟ ਵਾਸੀ ਗੁਰਮੀਤ ਸਿੰਘ (67) ਇਕ ਰਿਸ਼ਤੇਦਾਰ ਦੇ ਘਰ ਗਏ ਹੋਏ ਸਨ, ਉੱਥੋਂ ਬਾਅਦ ਦੁਪਹਿਰ 3 ਵਜੇ ਘਰ ਵਾਪਸ ਆਏ। ਘਰ ਆਉਂਦੇ ਹੀ ਸਿਰਦਰਦ ਤੇ ਉਲਟੀਆਂ ਸ਼ੁਰੂ ਹੋ ਗਈਆਂ। ਬੁਖ਼ਾਰ 102 ਡਿਗਰੀ ਸੀ, ਫਿਰ ਡਾਕਟਰ ਕੋਲ ਜਾਣ ’ਤੇ ਦੱਸਿਆ ਗਿਆ ਕਿ ਡੀਹਾਈਡ੍ਰੇਸ਼ਨ ਕਾਰਨ ਹੀਟ ਸਟ੍ਰੋਕ ਹੋਇਆ ਹੈ। ਇਸ ਤੋਂ ਬਾਅਦ ਗਲੂਕੋਜ਼ ਚੜ੍ਹਾਇਆ ਗਿਆ ਤੇ ਟੀਕੇ ਲਗਾਏ ਗਏ। ਇਸ ਬਾਰੇ ਪੀੜਤ ਦੇ ਪੁੱਤਰ ਜਗਤਾਰ ਸਿੰਘ ਨੇ ਦੱਸਿਆ ਕਿ ਬਿਜਲੀ ਕੱਟ ਕਾਰਨ ਪਿਤਾ ਜੀ ਤਿੰਨ ਘੰਟੇ ਬਿਨਾਂ ਕੂਲਰ ਰਹੇ। ਰਾਤ ਵੇਲੇ ਵੀ ਪਸੀਨਾ ਨਹੀਂ ਸੁੱਕਿਆ।
ਨੀਂਦ ਪੂਰੀ ਨਾ ਹੋਣ ਕਾਰਨ ਵੱਧ ਰਿਹੈ ਸਟ੍ਰੈੱਸ ਹਾਰਮੋਨ : ਡਾ. ਬਪਿੰਦਰ ਸਿੰਘ
ਪਿਮਸ ਦੇ ਇੰਟਰਨਲ ਮੈਡੀਸਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਬਪਿੰਦਰ ਸਿੰਘ ਨੇ ਦੱਸਿਆ ਕਿ ਦਿਨ ਦੀ ਗਰਮੀ ਨਾਲ ਸਰੀਰ ਤਪਦਾ ਹੈ ਤੇ ਰਾਤ ਵੇਲੇ ਤਾਪਮਾਨ 26-27 ਡਿਗਰੀ ਰਹਿਣ ਕਾਰਨ ਸਰੀਰ ਰਿਕਵਰ ਨਹੀਂ ਕਰ ਪਾਉਂਦਾ। ਨੀਂਦ ਪੂਰੀ ਨਾ ਹੋਣ ਸਦਕਾ ਸਟ੍ਰੈੱਸ ਹਾਰਮੋਨ ਵਧਦਾ ਹੈ ਅਤੇ ਇਮਿਊਨਿਟੀ ਘੱਟਦੀ ਹੈ। ਇਸੇ ਕਾਰਨ ਸਲੀਪ ਡਿਸਆਰਡਰ ਦੇ ਕੇਸ ਸਾਹਮਣੇ ਆ ਰਹੇ ਹਨ। ਬਜ਼ੁਰਗ, ਬੱਚੇ, ਮਜ਼ਦੂਰ ਤੇ ਖੁੱਲ੍ਹੇ ’ਚ ਕੰਮ ਕਰਨ ਵਾਲੇ ਲੋਕ ਇਸ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ।
ਇਹ ਸਾਵਧਾਨੀਆਂ ਵਰਤੋ
– ਦੁਪਹਿਰ 12 ਤੋਂ ਸ਼ਾਮ 4 ਵਜੇ ਤੱਕ ਬਿਨਾਂ ਵਜ੍ਹਾ ਧੁੱਪ ’ਚ ਨਾ ਨਿਕਲੋ।
– ਦਿਨ ਵੇਲੇ 8-10 ਗਿਲਾਸ ਪਾਣੀ ਪੀਓ, ਪਿਆਸ ਨਾ ਲੱਗੇ ਤਾਂ ਵੀ ਪਾਣੀ ਪੀਓ।
– ਨਾਰੀਅਲ ਪਾਣੀ, ਨਿੰਬੂ ਪਾਣੀ, ਲੱਸੀ ਤੇ ਅੰਬ ਪੰਨਾ ਦਾ ਸੇਵਨ ਕਰੋ।
– ਸੂਤੀ ਤੇ ਹਲਕੇ ਕੱਪੜੇ ਪਹਿਨੋ, ਸਿਰ ਢੱਕ ਕੇ ਰੱਖੋ।
– ਜੇ ਏਸੀ ਜਾਂ ਕੂਲਰ ਨਾ ਹੋਵੇ ਤਾਂ ਦਿਨ ’ਚ 2-3 ਵਾਰ ਗਿੱਲੇ ਤੌਲੀਏ ਨਾਲ ਸਰੀਰ ਪੂੰਝੋ।
Fire Raining From The Sky Mercury In Jalandhar Has Disrupted People s Sleep Heatwave And Dehydration Patients In Hospitals