April 22, 2026
Punjab Speaks Team / Punjab
22 ਅਪ੍ਰੈਲ 2026 :ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਇਸ ਹਫ਼ਤੇ ਭਿਆਨਕ ਲੂ ਦਾ ਅਸਰ ਜਾਰੀ ਰਹੇਗਾ। 25 ਅਪਰੈਲ ਤੱਕ ਪਾਰਾ ਹੌਲੀ-ਹੌਲੀ 4 ਡਿਗਰੀ ਸੈਲਸੀਅਸ (4°C) ਹੋਰ ਵਧ ਜਾਵੇਗਾ। ਇਸ ਤੋਂ ਬਾਅਦ 27 ਅਪਰੈਲ ਤੱਕ ਤਾਪਮਾਨ ਵਿੱਚ ਕੋਈ ਬਦਲਾਅ ਹੋਣ ਦੀ ਸੰਭਾਵਨਾ ਨਹੀਂ ਹੈ। ਉੱਥੇ ਹੀ ਇਸੇ ਸਮੇਂ ਦੌਰਾਨ ਦੇਸ਼ ਦੇ ਉੱਤਰ-ਪੂਰਬੀ ਅਤੇ ਪੱਛਮੀ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ।
ਦਿੱਲੀ ਵਿੱਚ ਯੈਲੋ ਅਲਰਟ
ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ ਐੱਮ ਡੀ) ਨੇ ਪੇਸ਼ੀਨਗੋਈ ਕੀਤੀ ਹੈ ਕਿ ਕੌਮੀ ਰਾਜਧਾਨੀ ਦਿੱਲੀ ਵਿੱਚ 24 ਅਪਰੈਲ ਨੂੰ ਦਿਨ ਦਾ ਤਾਪਮਾਨ 44 ਡਿਗਰੀ ਸੈਲਸੀਅਸ ਨੂੰ ਪਾਰ ਕਰ ਜਾਵੇਗਾ। ਭਿਆਨਕ ਲੂ ਦੀ ਸਥਿਤੀ ਕਾਰਨ ਦਿੱਲੀ ਵਿੱਚ 24 ਅਪਰੈਲ ਤੱਕ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਉਲਟ, ਉੱਤਰ-ਪੂਰਬੀ ਸੂਬਿਆਂ ਵਿੱਚ 27 ਅਪਰੈਲ ਤੱਕ ਦਰਮਿਆਨੀ ਮੀਂਹ ਪਵੇਗਾ।
ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਵਿੱਚ ਮੀਂਹ ਦੀ ਸੰਭਾਵਨਾ
23 ਅਪਰੈਲ ਤੋਂ ਪੱਛਮੀ ਪਹਾੜੀ ਇਲਾਕਿਆਂ ਵਿੱਚ ਇੱਕ ਨਵੀਂ ਪੱਛਮੀ ਗੜਬੜੀ (Western Disturbance) ਸਰਗਰਮ ਹੋਣ ਦੀ ਉਮੀਦ ਹੈ। ਇਸ ਦੇ ਅਸਰ ਕਰਕੇ 25 ਅਤੇ 26 ਅਪਰੈਲ ਨੂੰ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਮੀਂਹ ਪੈ ਸਕਦਾ ਹੈ। ਇਸ ਕਾਰਨ ਦਿਨ ਦੇ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ।
ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਲਈ ਲੂ ਦੀ ਪੇਸ਼ੀਨਗੋਈ
ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਹੈ ਕਿ 22 ਤੋਂ 24 ਅਪਰੈਲ ਤੱਕ ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਭਾਰੀ ਲੂ ਦੇ ਹਾਲਾਤ ਬਣੇ ਰਹਿਣਗੇ। ਵਿਭਾਗ ਮੁਤਾਬਕ, ਪੂਰਬੀ ਉੱਤਰ ਪ੍ਰਦੇਸ਼ ਵਿੱਚ 25 ਅਪਰੈਲ ਤੱਕ ਲੂ ਦਾ ਅਸਰ ਰਹੇਗਾ। ਇਸੇ ਤਰ੍ਹਾਂ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ 22 ਤੋਂ 25 ਅਪਰੈਲ ਤੱਕ ਅਤੇ ਉੜੀਸਾ ਤੇ ਰਾਜਸਥਾਨ ਵਿੱਚ 23 ਤੋਂ 25 ਅਪਰੈਲ ਤੱਕ ਤੇਜ਼ ਲੂ ਚੱਲਣ ਦੀ ਸੰਭਾਵਨਾ ਹੈ।
Weather Update Heat Wave Will Continue In Many States Including Punjab For The Next Three Days