February 26, 2026
Punjab Speaks Team / Panjab
ਪਾਇਲ, ਖੰਨਾ, ਲੁਧਿਆਣਾ 26 ਫਰਵਰੀ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਦਰਸ਼ੀ ਅਤੇ ਲੋਕ-ਹਿਤੈਸ਼ੀ ਸੋਚ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਪੇਂਡੂ ਵਿਕਾਸ ਨੂੰ ਲਗਾਤਾਰ ਤਰਜੀਹ ਦਿੱਤੀ ਜਾ ਰਹੀ ਹੈ। ਇਸੇ ਕੜੀ ਤਹਿਤ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਪਾਇਲ ਹਲਕੇ ਵਿੱਚ 1 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਵਾਈ ਗਈ। ਇਸ ਦੌਰਾਨ ਬੇਗੋਵਾਲ, ਬਿਲਾਸਪੁਰ, ਕਟਾਹਰੀ, ਘਲੋਟੀ, ਘੁਡਾਣੀ ਕਲਾਂ, ਮਕਸੂਦੜਾ, ਧਮੋਟ ਖੁਰਦ ਸਮੇਤ ਕਰੀਬ 10 ਪਿੰਡਾਂ ਵਿੱਚ ਵਿਕਾਸ ਪ੍ਰੋਜੈਕਟਾਂ ਦਾ ਆਗਾਜ਼ ਕੀਤਾ ਗਿਆ, ਜਿਸ ਨਾਲ ਹਲਕੇ ਦੇ ਪੇਂਡੂ ਵਿਕਾਸ ਨੂੰ ਨਵੀਂ ਰਫ਼ਤਾਰ ਮਿਲੀ ਹੈ।
ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਪਸ਼ਟ ਟੀਚਾ ਹੈ ਕਿ ਸੂਬੇ ਦੇ ਹਰ ਪਿੰਡ ਨੂੰ ਬੁਨਿਆਦੀ ਸਹੂਲਤਾਂ ਨਾਲ ਸੰਪੰਨ ਕੀਤਾ ਜਾਵੇ, ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਸੁਵਿਧਾਵਾਂ ਆਪਣੇ ਹੀ ਇਲਾਕੇ ਵਿੱਚ ਮਿਲ ਸਕਣ। ਉਨ੍ਹਾਂ ਕਿਹਾ ਕਿ ਪਾਇਲ ਹਲਕੇ ਦੇ ਹਰ ਪਿੰਡ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਕਾਸ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਹਨ ਅਤੇ ਕਿਸੇ ਵੀ ਪਿੰਡ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾ ਰਿਹਾ ਹੈ।
ਇਸ ਮੌਕੇ ਸ਼ੁਰੂ ਕੀਤੇ ਗਏ ਵਿਕਾਸ ਕੰਮਾਂ ਵਿੱਚ ਪਿੰਡਾਂ ਦੀਆਂ ਗਲੀਆਂ-ਨਾਲੀਆਂ ਦੀ ਮੁਰੰਮਤ ਅਤੇ ਨਿਰਮਾਣ, ਧਰਮਸ਼ਾਲਾਵਾਂ ਦੀ ਮੁਰੰਮਤ ਅਤੇ ਨਵੀਂ ਰੂਪ-ਰੇਖਾ, ਖੇਡ ਮੈਦਾਨਾਂ ਦੀ ਤਿਆਰੀ, ਸਟ੍ਰੀਟ ਲਾਈਟਾਂ ਦੀ ਵਿਵਸਥਾ, ਪੀਣ ਵਾਲੇ ਪਾਣੀ ਦੀ ਸਪਲਾਈ ਸੁਧਾਰ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਜੁੜੇ ਪ੍ਰੋਜੈਕਟ ਸ਼ਾਮਲ ਹਨ। ਵਿਧਾਇਕ ਨੇ ਕਿਹਾ ਕਿ ਇਹ ਸਾਰੇ ਕੰਮ ਪਾਰਦਰਸ਼ਤਾ ਅਤੇ ਗੁਣਵੱਤਾ ਨਾਲ ਪੂਰੇ ਕਰਵਾਏ ਜਾਣਗੇ, ਤਾਂ ਜੋ ਲੋਕਾਂ ਨੂੰ ਲੰਬੇ ਸਮੇਂ ਤੱਕ ਇਸ ਦਾ ਲਾਭ ਮਿਲ ਸਕੇ।
ਵਿਧਾਇਕ ਗਿਆਸਪੁਰਾ ਨੇ ਐਲਾਨ ਕੀਤਾ ਕਿ ਮਾਰਚ ਮਹੀਨੇ ਦੌਰਾਨ ਪਾਇਲ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਹੋਰ 15 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਅਪ੍ਰੈਲ ਅਤੇ ਮਈ ਮਹੀਨਿਆਂ ਵਿੱਚ ਕਰੀਬ 10 ਕਰੋੜ ਰੁਪਏ ਹੋਰ ਮਿਲਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਹ ਰਕਮ ਪਿੰਡਾਂ ਦੀਆਂ ਲੋੜਾਂ ਅਨੁਸਾਰ ਖਰਚ ਕੀਤੀ ਜਾਵੇਗੀ, ਤਾਂ ਜੋ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਾ ਰਹੇ।
ਉਨ੍ਹਾਂ ਸਰਪੰਚਾਂ ਅਤੇ ਪੰਚਾਇਤ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਵਿੱਚ ਰੁਕੇ ਹੋਏ ਕੰਮਾਂ ਨੂੰ ਤੁਰੰਤ ਪੂਰਾ ਕਰਵਾਉਣ ਅਤੇ ਵਿਕਾਸ ਯੋਜਨਾਵਾਂ ਨੂੰ ਪੂਰੀ ਪਾਰਦਰਸ਼ਤਾ ਨਾਲ ਅਮਲ ਵਿੱਚ ਲਿਆਉਣ। ਵਿਧਾਇਕ ਨੇ ਸਪਸ਼ਟ ਕੀਤਾ ਕਿ ਜਿਹੜੇ ਪਿੰਡ ਸਮੇਂ ਸਿਰ ਆਪਣੇ ਕੰਮ ਮੁਕੰਮਲ ਕਰਨਗੇ, ਉਨ੍ਹਾਂ ਨੂੰ ਅਗਲੇ ਪੜਾਅ ਵਿੱਚ ਵੀ ਤਰਜੀਹ ਦੇ ਅਧਾਰ 'ਤੇ ਹੋਰ ਗ੍ਰਾਂਟਾਂ ਦਿੱਤੀਆਂ ਜਾਣਗੀਆਂ।
ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦਾ ਮਕਸਦ ਸਿਰਫ਼ ਐਲਾਨ ਕਰਨਾ ਨਹੀਂ, ਸਗੋਂ ਜ਼ਮੀਨ 'ਤੇ ਵਿਕਾਸ ਨੂੰ ਨਜ਼ਰ ਆਉਣਯੋਗ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਪਿੰਡਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ, ਹੁਣ ਪਿੰਡਾਂ ਨੂੰ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਿਆ ਜਾ ਗਿਆ ਹੈ।
ਪਿੰਡ ਵਾਸੀਆਂ ਨੇ ਵੀ ਵਿਕਾਸ ਕੰਮਾਂ ਦੀ ਸ਼ੁਰੂਆਤ 'ਤੇ ਖੁਸ਼ੀ ਜ਼ਾਹਰ ਕਰਦਿਆਂ ਪੰਜਾਬ ਸਰਕਾਰ ਅਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਧੰਨਵਾਦ ਕੀਤਾ। ਲੋਕਾਂ ਦਾ ਕਹਿਣਾ ਸੀ ਕਿ ਲੰਬੇ ਸਮੇਂ ਤੋਂ ਜਿਹੜੇ ਕੰਮ ਰੁਕੇ ਹੋਏ ਸਨ, ਉਹ ਹੁਣ ਸ਼ੁਰੂ ਹੋਣ ਨਾਲ ਪਿੰਡਾਂ ਦੀ ਸੂਰਤ ਬਦਲੇਗੀ ਅਤੇ ਜੀਵਨ ਸੁਵਿਧਾਜਨਕ ਹੋਵੇਗਾ।
Under The Leadership Of Chief Minister Bhagwant Singh Mann The Developmental Thinking Of The Punjab Government Has Gained Further Momentum Development Works Worth More Than Rs 1 Crore Have Been Started In Payal Constituency