January 21, 2026
Punjab Speaks Team / Panjab
ਚੰਡੀਗੜ੍ਹ, 21 ਜਨਵਰੀ 2026 :- ਸੈਕਟਰ-32 ਵਿੱਚ ਸਥਿਤ ਸੇਵਕ ਫਾਰਮੇਸੀ ‘ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਚੰਡੀਗੜ੍ਹ ਕਰਾਈਮ ਬ੍ਰਾਂਚ ਨੇ ਬੁੱਧਵਾਰ ਸਵੇਰੇ ਵੱਡੀ ਕਾਰਵਾਈ ਕਰਦਿਆਂ ਸੈਕਟਰ-39 ਜੀਰੀ ਮੰਡੀ ਚੌਕ ਨੇੜੇ ਸ਼ੂਟਰਾਂ ਦਾ ਐਨਕਾਊਂਟਰ ਕਰ ਦਿੱਤਾ। ਸਵੇਰੇ ਕਰੀਬ 6 ਵਜੇ ਹੋਏ ਇਸ ਮੁਕਾਬਲੇ ਵਿੱਚ ਦੋ ਸ਼ੂਟਰ ਜ਼ਖ਼ਮੀ ਹੋ ਗਏ, ਜਿਨ੍ਹਾਂ ਦੀ ਪਛਾਣ ਰਾਹੁਲ ਅਤੇ ਰੌਕੀ ਵਜੋਂ ਹੋਈ ਹੈ। ਦੋਵਾਂ ਨੂੰ ਇਲਾਜ ਲਈ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ, ਕ੍ਰਾਈਮ ਬ੍ਰਾਂਚ ਦੀ ਟੀਮ ਨੇ ਮੁਲਜ਼ਮਾਂ ਦੀ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਸੀ, ਪਰ ਇਸ ਦੌਰਾਨ ਹਾਲਾਤ ਵਿਗੜਨ ‘ਤੇ ਪੁਲਿਸ ਵੱਲੋਂ ਗੋਲੀ ਚਲਾਈ ਗਈ, ਜਿਸ ਵਿੱਚ ਦੋਵੇਂ ਸ਼ੂਟਰ ਜ਼ਖ਼ਮੀ ਹੋ ਗਏ। ਪੁਲਿਸ ਨੇ ਮੌਕੇ ਤੋਂ ਗੱਡੀ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਹੈ।
ਮੁਲਜ਼ਮ ਰਾਹੁਲ ਚਲਾਉਂਦਾ ਹੈ ਲੈਬਾਰਟਰੀ
ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਕ੍ਰਾਈਮ ਬ੍ਰਾਂਚ ਪਹਿਲਾਂ ਹੀ ਸੈਕਟਰ-46 ਦੇ ਰਹਿਣ ਵਾਲੇ ਰਾਹੁਲ ਬਿਸ਼ਟ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਮੁਲਜ਼ਮ ਰਾਹੁਲ ਬਿਸ਼ਟ ਸੈਕਟਰ-32 ਵਿੱਚ ਇੱਕ ਲੈਬਾਰਟਰੀ ਚਲਾਉਂਦਾ ਹੈ, ਜਿਸ ਵਿੱਚ ਉਸ ਦਾ ਇੱਕ ਪੁਲਿਸ ਮੁਲਾਜ਼ਮ ਸਾਥੀ (ਪਾਰਟਨਰ) ਵੀ ਹੈ। ਦੋਵਾਂ ਨੇ ਮਿਲ ਕੇ ਫਾਰਮੇਸੀ ‘ਤੇ ਫਾਇਰਿੰਗ ਦੀ ਸਾਜ਼ਿਸ਼ ਰਚੀ ਸੀ।
ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਕਾਊਂਟਰ ‘ਤੇ ਬੈਠੇ ਦੁਕਾਨਦਾਰ ਦੇ ਪੁੱਤਰ ਤਨੀਸ਼ ਨੇ ਵਾਲ-ਵਾਲ ਬਚਦਿਆਂ ਤੁਰੰਤ ਆਪਣੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ ਸੀ। ਇਸ ਤੋਂ ਬਾਅਦ ਦੁਕਾਨ ਦੇ ਮਾਲਕ ਜਗਦੀਸ਼, ਵਾਸੀ ਸੈਕਟਰ-32, ਮੌਕੇ ‘ਤੇ ਪਹੁੰਚੇ ਅਤੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ।
ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਟੀਮ
ਸੂਚਨਾ ਮਿਲਦੇ ਹੀ ਸੈਕਟਰ-34 ਥਾਣਾ ਪੁਲਿਸ, ਕ੍ਰਾਈਮ ਬ੍ਰਾਂਚ, ਆਪ੍ਰੇਸ਼ਨ ਸੈੱਲ ਅਤੇ ਜ਼ਿਲ੍ਹਾ ਅਪਰਾਧ ਸ਼ਾਖਾ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਸਨ। ਫੋਰੈਂਸਿਕ ਟੀਮ ਨੇ ਘਟਨਾ ਵਾਲੀ ਥਾਂ ਤੋਂ ਇੱਕ ਖ਼ਾਲੀ ਕਾਰਤੂਸ ਬਰਾਮਦ ਕੀਤਾ ਸੀ। ਜਾਂਚ ਦੌਰਾਨ ਸੀਸੀਟੀਵੀ ਫੁਟੇਜ ਵਿੱਚ ਦੋ ਨੌਜਵਾਨ ਐਕਟਿਵਾ ‘ਤੇ ਆਉਂਦੇ ਅਤੇ ਫਾਇਰਿੰਗ ਕਰਕੇ ਫ਼ਰਾਰ ਹੁੰਦੇ ਦਿਖਾਈ ਦਿੱਤੇ ਸਨ, ਜਿਸ ਦੇ ਆਧਾਰ ‘ਤੇ ਮੁਲਜ਼ਮਾਂ ਦੀ ਪਛਾਣ ਕੀਤੀ ਗਈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਅਤੇ ਜ਼ਖ਼ਮੀ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ। ਇਸ ਦੇ ਨਾਲ ਹੀ ਮੁਲਜ਼ਮ ਦੇ ਪੁਲਿਸ ਮੁਲਾਜ਼ਮ ਸਾਥੀ ਅਤੇ ਗੈਂਗਸਟਰ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਭੂਮਿਕਾ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਇਸ ਮਾਮਲੇ ਵਿੱਚ ਜਲਦੀ ਹੀ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ।
Movie Style Encounter Two Miscreants Injured In Chandigarh Shot While Fleeing