November 11, 2025
Punjab Speaks Team / Panjab
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸ਼ਹੀਦੀ ਸਮਾਗਮਾਂ ਦੌਰਾਨ ਸਰਕਾਰ ਵੱਲੋਂ ਸ਼ਹਿਰ ਅਤੇ ਗੁਰਦੁਆਰਾ ਸਾਹਿਬ ਦੇ ਨੇੜੇ ਸਪੀਕਰ ਲਗਾਉਣ ’ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਧਾਰਮਿਕ ਮਰਿਆਦਾਵਾਂ ਦੇ ਉਲੰਘਣ ਦੇ ਬਰਾਬਰ ਹੈ। ਜਥੇਦਾਰ ਨੇ ਦੱਸਿਆ ਕਿ ਇਸ ਮਾਮਲੇ ’ਤੇ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਸਪੀਕਰ ਹਟਾ ਦਿੱਤੇ ਹਨ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਥੇਦਾਰ ਗੜਗੱਜ ਨੂੰ 23 ਨਵੰਬਰ ਨੂੰ ਹੋਣ ਵਾਲੇ ਸਰਕਾਰੀ ਸਮਾਗਮਾਂ ਅਤੇ ਸਰਵ ਧਰਮ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਨਿਯੌਤਾ ਦਿੱਤਾ ਸੀ। ਜਥੇਦਾਰ ਗੜਗੱਜ ਨੇ ਅੰਗਰੇਜ਼ੀ ਸੱਦਾ ਪੱਤਰਾਂ ਬਾਰੇ ਵੀ ਇਤਰਾਜ਼ ਜਤਾਉਂਦਿਆਂ ਕਿਹਾ ਕਿ ਪੰਜਾਬੀ ਰਾਜ ਹੋਣ ਕਰਕੇ ਸੱਦਾ ਪੱਤਰ ਪੰਜਾਬੀ ਭਾਸ਼ਾ ਵਿੱਚ ਹੀ ਜਾਰੀ ਕੀਤੇ ਜਾਣੇ ਚਾਹੀਦੇ ਹਨ। ਦੂਜੇ ਪਾਸੇ ਮੰਤਰੀ ਬੈਂਸ ਨੇ ਕਿਹਾ ਕਿ ਸ਼ਹੀਦੀ ਸਮਾਗਮਾਂ ਤੋਂ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਦੇ ਆਲੇ-ਦੁਆਲੇ ਸੜਕਾਂ ਦੀ ਮੁਰੰਮਤ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ, ਤਾਂ ਜੋ ਆਉਣ ਵਾਲੇ ਸੰਗਤਾਂ ਨੂੰ ਕੋਈ ਦਿੱਕਤ ਨਾ ਹੋਵੇ।