November 4, 2025
Punjab Speaks Team / Panjab
ਸ੍ਰੀ ਮੁਕਤਸਰ ਸਾਹਿਬ, 4 ਨਵੰਬਰ 2025 — ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਲੰਬੀ ਹਲਕੇ ਦੇ ਪਿੰਡ ਬੁਰਜ ਸਿੱਧਵਾਂ ਅਤੇ ਗੁਰੂਸਰ ਯੋਧਾ ਵਿੱਚ 70 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜਾਂ ਦੀ ਨੀਂਹ ਰੱਖੀ। ਦੋਵੇਂ ਪਿੰਡਾਂ ਵਿੱਚ 35-35 ਲੱਖ ਰੁਪਏ ਨਾਲ ਹੈਲਥ ਵੈਲਨੈਸ ਸੈਂਟਰ ਬਣਾਏ ਜਾਣਗੇ। ਇਸ ਤੋਂ ਇਲਾਵਾ, ਪਿੰਡ ਗੁਰੂਸਰ ਯੋਧਾ ਵਿੱਚ ਵਾਟਰ ਵਰਕਸ ਦਾ ਜਾਲ ਵਿਛਾਉਣਾ, ਟਿੱਬਾ ਕਲੌਨੀ ਵਿੱਚ ਪਾਣੀ ਦੀ ਨਿਕਾਸੀ ਪ੍ਰਣਾਲੀ ਸੁਧਾਰਨਾ, ਗਿੱਲੇ ਤੇ ਸੁੱਕੇ ਕੂੜੇ ਦੀ ਸੰਭਾਲ ਅਤੇ ਢਾਣੀਆਂ ਵਿੱਚ ਇੰਟਰਲਾਕ ਟਾਇਲਾਂ ਦੇ ਕੰਮ ਵੀ ਕੀਤੇ ਗਏ ਹਨ।
ਇਸ ਮੌਕੇ ਮੰਤਰੀ ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੰਬੀ ਹਲਕੇ ਵਿੱਚ ਕਿਸੇ ਵੀ ਵਿਕਾਸ ਕਾਰਜ ਲਈ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਹਰ ਪ੍ਰੋਜੈਕਟ ਨੂੰ ਪੂਰੇ ਪਾਰਦਰਸ਼ੀ ਢੰਗ ਨਾਲ ਪੂਰਾ ਕੀਤਾ ਜਾਵੇਗਾ।
ਮੰਤਰੀ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ, ਜੋ ਲੋਕਾਂ ਦੇ ਹਰ ਪੈਸੇ ਦੀ ਵਰਤੋਂ ਉਨ੍ਹਾਂ ਦੀ ਭਲਾਈ ਲਈ ਕਰ ਰਹੀ ਹੈ। ਉਨ੍ਹਾਂ ਨੇ ਸਥਾਨਕ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ, ਕੁਝ ਦਾ ਹੱਲ ਮੌਕੇ ‘ਤੇ ਹੀ ਕੀਤਾ ਅਤੇ ਬਾਕੀਆਂ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।
ਇਸ ਮੌਕੇ ਸਰਪੰਚਾਂ, ਪੰਚਾਂ, ਅਧਿਕਾਰੀਆਂ ਅਤੇ ਪਿੰਡਾਂ ਦੇ ਪਤਵੰਤਿਆਂ ਸਮੇਤ ਕਈ ਹਸਤੀਆਂ ਹਾਜ਼ਰ ਸਨ।
Cabinet Minister Gurmeet Singh Khudian Laid The Foundation Stone Of Development Works Worth Rs 70 Lakh In Lambi Constituency