November 4, 2025
Punjab Speaks Team / Panjab
04 ਨਵੰਬਰ 2025 : ਗੁਰਦਾਸਪੁਰ ਵਿੱਚ ਇੱਕ ਬਜ਼ੁਰਗ ਖਿਡੌਣੇ ਵੇਚਣ ਵਾਲੇ ਦੀ ਵਾਇਰਲ ਵੀਡੀਓ ਨੇ ਪ੍ਰਸ਼ਾਸਨ ਦਾ ਧਿਆਨ ਖਿੱਚ ਲਿਆ। ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ ਨੇ ਵੀਡੀਓ ਦੇਖਣ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ ਬਜ਼ੁਰਗ ਦੇ ਘਰ ਦਾ ਪਤਾ ਲਗਵਾਇਆ ਅਤੇ ਖੁਦ ਉਨ੍ਹਾਂ ਨੂੰ ਮਿਲਣ ਲਈ ਪਿੰਡ ਬਾਬੋਵਾਲ ਪਹੁੰਚੇ। ਬਜ਼ੁਰਗ ਦੀ ਪਹਿਚਾਣ ਜੀਤ ਸਿੰਘ (ਉਮਰ 65 ਸਾਲ), ਪੁੱਤਰ ਜਸਵੰਤ ਸਿੰਘ, ਵਜੋਂ ਹੋਈ ਜੋ ਆਪਣੇ ਘਰ ਦਾ ਗੁਜ਼ਾਰਾ ਕਰਨ ਲਈ ਖਿਡੌਣੇ ਵੇਚਣ ਦਾ ਕੰਮ ਕਰਦੇ ਹਨ।
ਮੁਲਾਕਾਤ ਦੌਰਾਨ ਬਜ਼ੁਰਗ ਨੇ ਦੱਸਿਆ ਕਿ ਉਨ੍ਹਾਂ ਦੀ ਬੁਢਾਪਾ ਪੈਨਸ਼ਨ ਅਜੇ ਤੱਕ ਨਹੀਂ ਲੱਗੀ। ਇਸ ’ਤੇ ਡਾ. ਬੇਦੀ ਨੇ ਉਨ੍ਹਾਂ ਨੂੰ ਯਕੀਨ ਦਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਪੈਨਸ਼ਨ ਜਲਦੀ ਲਗਵਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਹੋਰ ਸਰਕਾਰੀ ਸਹੂਲਤਾਂ ਦਾ ਲਾਭ ਵੀ ਮੁਹੱਈਆ ਕਰਵਾਇਆ ਜਾਵੇਗਾ।
ਡਾ. ਬੇਦੀ ਨੇ ਇਹ ਵੀ ਦੱਸਿਆ ਕਿ ਬਜ਼ੁਰਗ ਦਾ ਪੁੱਤਰ ਮਜ਼ਦੂਰੀ ਕਰਦਾ ਹੈ ਪਰ ਉਸਦਾ ਲੇਬਰ ਕਾਰਡ ਨਹੀਂ ਬਣਿਆ। ਪ੍ਰਸ਼ਾਸਨ ਵੱਲੋਂ ਉਸਦਾ ਲੇਬਰ ਅਤੇ ਮਨਰੇਗਾ ਕਾਰਡ ਵੀ ਤੁਰੰਤ ਬਣਵਾ ਕੇ ਦਿੱਤਾ ਜਾਵੇਗਾ ਤਾਂ ਜੋ ਪਰਿਵਾਰ ਨੂੰ ਆਰਥਿਕ ਸਹਾਇਤਾ ਮਿਲ ਸਕੇ।
ਉਨ੍ਹਾਂ ਨੇ ਕਿਹਾ ਕਿ ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਹਮੇਸ਼ਾਂ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਤਿਆਰ ਰਹਿੰਦਾ ਹੈ ਅਤੇ ਕਿਸੇ ਵੀ ਮੁਸੀਬਤ ਵਿੱਚ ਉਨ੍ਹਾਂ ਦੇ ਦਫਤਰ ਹਮੇਸ਼ਾਂ ਖੁੱਲ੍ਹੇ ਹਨ। ਇਹ ਘਟਨਾ ਦਿਖਾਉਂਦੀ ਹੈ ਕਿ ਇੱਕ ਵਾਇਰਲ ਵੀਡੀਓ ਕਿਸ ਤਰ੍ਹਾਂ ਕਿਸੇ ਮਜ਼ਲੂਮ ਦੀ ਜ਼ਿੰਦਗੀ ਬਦਲ ਸਕਦੀ ਹੈ।
Luck Shines Through Viral Video Gurdaspur Elder Assured Of Help From Government