November 3, 2025
Punjabi Speaks Times / Panjab
ਪੰਜਾਬ ਭਾਜਪਾ ਦੇ ਸਾਬਕਾ ਸਕੱਤਰ ਐਡਵੋਕੇਟ ਅਰਵਿੰਦ ਮਿੱਤਲ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਅੰਦਰ ਪਿਛਲੇ ਕਈ ਸਾਲਾਂ ਤੋਂ ਨਜਾਇਜ਼ ਮਾਈਨਿੰਗ ਅਤੇ ਨਸ਼ਾ ਤਸਕਰੀ ਬੇਰੋਕ ਟੋਕ ਜਾਰੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨ ਸ੍ਰੀ ਅਨੰਦਪੁਰ ਸਾਹਿਬ ਪੁਲਿਸ ਵੱਲੋਂ ਨਸ਼ੇ ਦੀ ਭਾਰੀ ਮਾਤਰਾ ਸਮੇਤ ਕੁਝ ਵਿਅਕਤੀ ਗ੍ਰਿਫ਼ਤਾਰ ਕੀਤੇ ਜਾਣਾ ਯਕੀਨਨ ਕਾਬਲੇ-ਤਾਰੀਫ਼ ਕਾਰਵਾਈ ਹੈ ਪਰ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਲਾਜ਼ਮੀ ਹੋਣੀ ਚਾਹੀਦੀ ਹੈ ਤਾਂ ਜੋ ਇਸਦੇ ਪਿੱਛੇ ਲੁਕੇ ਰਾਜਨੀਤਿਕ ਤੱਤਾਂ ਨੂੰ ਬੇਨਕਾਬ ਕੀਤਾ ਜਾ ਸਕੇ।ਮਿੱਤਲ ਨੇ ਮੰਗ ਕੀਤੀ ਕਿ ਜਨਤਾ ਦੇ ਸਾਹਮਣੇ ਇਸ ਕੇਸ ਨੂੰ ਪੂਰੀ ਤਰ੍ਹਾਂ ਖੋਲ੍ਹ ਕੇ ਦੱਸਿਆ ਜਾਵੇ ਕਿ ਇਹ ਨਸ਼ੇ ਦੀ ਸਪਲਾਈ ਕਿਹੜੇ ਲੋਕਾਂ ਦੀ ਪਿਛੋਕੜ ਹੇਠ ਚੱਲ ਰਹੀ ਸੀ। ਉਨ੍ਹਾਂ ਕਿਹਾ ਕਿ ਹਲਕੇ ਵਿੱਚ ਨਜਾਇਜ਼ ਮਾਈਨਿੰਗ ਵੱਡੇ ਪੱਧਰ 'ਤੇ ਚੱਲ ਰਹੀ ਹੈ ਜਦਕਿ ਕੋਈ ਵੀ ਖੱਡ ਅਧਿਕਾਰਕ ਤੌਰ 'ਤੇ ਚਾਲੂ ਨਹੀਂ ਹੈ, ਜਿਸ ਕਰਕੇ ਇਹ ਸਵਾਲ ਜਨਤਾ ਵਿੱਚ ਗੰਭੀਰ ਚਿੰਤਾ ਦਾ ਕਾਰਨ ਹੈ।
ਅਰਵਿੰਦ ਮਿੱਤਲ ਨੇ ਕਿਹਾ ਕਿ ਚੋਣਾਂ ਨਜ਼ਦੀਕ ਹੋਣ ਨਾਲ ਹੁਣ ਲੋਕਾਂ ਦੇ ਸਾਹਮਣੇ ਕਾਰਵਾਈ ਦਾ ਡਰਾਮਾ ਕੀਤਾ ਜਾ ਰਿਹਾ ਹੈ ਪਰ ਪਿਛਲੇ ਚਾਰ ਸਾਲਾਂ ਦੌਰਾਨ ਨਜਾਇਜ਼ ਮਾਈਨਿੰਗ ਅਤੇ ਨਸ਼ੇ ਦੇ ਜਾਲ ਨੇ ਹਲਕੇ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਇਸ ਸਾਰੀਆਂ ਗਤੀਵਿਧੀਆਂ ਦੇ ਮੂਲ ਸਾਰਥਕ ਤੱਥ ਸੱਚਾਈ ਸਮੇਤ ਸਾਹਮਣੇ ਨਹੀਂ ਲਿਆਂਦੇ ਜਾਂਦੇ, ਤਦ ਤੱਕ ਇਹ ਨਹੀਂ ਮੰਨਿਆ ਜਾ ਸਕਦਾ ਕਿ ਅਸਲ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਲੋਕਾਂ ਨੂੰ ਇਕੱਠਾ ਕਰਕੇ ਅਭਿਆਨ ਚਲਾਇਆ ਜਾਵੇਗਾ ਕਿਉਂਕਿ ਪੰਜਾਬ ਦਾ ਨੌਜਵਾਨ ਸੂਬੇ ਦਾ ਭਵਿੱਖ ਹੈ ਅਤੇ ਉਸ ਨੂੰ ਨਸ਼ੇ ਤੋਂ ਬਚਾਉਣਾ ਹਰ ਪੰਜਾਬੀ ਦੀ ਨੈਤਿਕ ਜ਼ਿੰਮੇਵਾਰੀ ਹੈ। ਮਿੱਤਲ ਨੇ ਆਮ ਆਦਮੀ ਪਾਰਟੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਸਰਕਾਰ ਹਰ ਮੋਰਚੇ 'ਤੇ ਨਾਕਾਮ ਰਹੀ ਹੈ। ਲੋਕਾਂ ਨੂੰ ਸਿਰਫ਼ ਇਸ਼ਤਿਹਾਰਾਂ ਅਤੇ ਨਾਟਕਬਾਜ਼ੀ ਰਾਹੀਂ ਗੁੰਮਰਾਹ ਕੀਤਾ ਗਿਆ ਹੈ ਜਦਕਿ ਜ਼ਮੀਨੀ ਪੱਧਰ 'ਤੇ ਵਿਕਾਸ ਅਤੇ ਨਸ਼ਾ ਮੁਕਤੀ ਲਈ ਕੋਈ ਗੰਭੀਰ ਕਦਮ ਨਹੀਂ ਚੁੱਕੇ ਗਏ।
Illegal Mining And Drug Trafficking Rampant In The Sri Anandpur Sahib Area Advocate Arvind Mittal