October 16, 2025
Punjab Speaks Team / Panjab
ਲੁਧਿਆਣਾ ਵਿੱਚ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ, ਜਿੱਥੇ ਜ਼ਿਲ੍ਹੇ ਦੇ ਪ੍ਰਮੁੱਖ ਸੋਫ਼ਤ ਪਰਿਵਾਰ ਨਾਲ ਸਬੰਧਤ ਪੰਜ ਡਾਕਟਰਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਇਨ੍ਹਾਂ ਡਾਕਟਰਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਉਨ੍ਹਾਂ ਦੇ ਸਰਚ ਆਪ੍ਰੇਸ਼ਨ ਦੌਰਾਨ ਨਾ ਸਿਰਫ਼ ਧਮਕੀਆਂ ਦਿੱਤੀਆਂ, ਸਗੋਂ ਜ਼ਰੂਰੀ ਦਸਤਾਵੇਜ਼ ਦੇਣ ਤੋਂ ਵੀ ਇਨਕਾਰ ਕਰਕੇ ਸਰਕਾਰੀ ਕੰਮ ਵਿੱਚ ਅੜਿੱਕਾ ਪਾਇਆ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਆਮਦਨ ਕਰ ਦੇ ਉਪ ਨਿਰਦੇਸ਼ਕ ਅਨੁਰਾਗ ਢੀਂਡਸਾ ਦੀ ਸ਼ਿਕਾਇਤ 'ਤੇ ਕਾਰਵਾਈ ਕੀਤੀ ਹੈ। ਐਫਆਈਆਰ ਵਿੱਚ ਡਾ. ਜਗਦੀਸ਼ ਰਾਏ ਸੋਫ਼ਤ, ਡਾ. ਰਮਾ ਸੋਫ਼ਤ, ਡਾ. ਅਮਿਤ ਸੋਫ਼ਤ, ਡਾ. ਰੁਚਿਕਾ ਸੋਫ਼ਤ ਅਤੇ ਡਾ. ਸੁਮਿਤ ਸੋਫ਼ਤ ਦੇ ਨਾਂ ਸ਼ਾਮਲ ਹਨ।
ਧਮਕੀਆਂ ਦੇ ਦੋਸ਼: ਅਧਿਕਾਰੀਆਂ ਨੇ ਦੋਸ਼ ਲਗਾਇਆ ਕਿ ਡਾਕਟਰਾਂ ਨੇ ਜਾਂਚ ਰੋਕਣ ਲਈ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ, ਜਿਵੇਂ ਕਿ ਜਿਨਸੀ ਸ਼ੋਸ਼ਣ ਦੇ ਝੂਠੇ ਕੇਸ ਦਰਜ ਕਰਵਾਉਣ ਦੀ ਧਮਕੀ ਦਿੱਤੀ। ਡਾਕਟਰਾਂ ਨੇ ਜਾਂਚ ਦੌਰਾਨ ਬੰਦ ਕਮਰਿਆਂ, ਇਲੈਕਟ੍ਰਾਨਿਕ ਰਿਕਾਰਡਾਂ ਅਤੇ ਈਆਰਪੀ ਸੌਫ਼ਟਵੇਅਰ ਤੱਕ ਪਹੁੰਚ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਡਾ. ਰੁਚਿਕਾ ਸੋਫ਼ਤ ਉਸ ਕਮਰੇ ਦੀ ਚਾਬੀ ਮੰਗਣ 'ਤੇ ਭੜਕ ਗਏ, ਜਿਸ ਵਿੱਚ ਬਿਨਾਂ ਹਿਸਾਬ ਦੇ ਮਹਿੰਗੇ ਆਈ.ਵੀ.ਐੱਫ. ਇੰਜੈਕਸ਼ਨ ਰੱਖੇ ਹੋਣ ਦਾ ਦੋਸ਼ ਸੀ। ਐਫਆਈਆਰ ਵਿੱਚ ਡਾ. ਅਮਿਤ ਅਤੇ ਡਾ. ਰੁਚਿਕਾ ਸੋਫ਼ਤ 'ਤੇ ਹਮਲਾਵਰ ਰਵੱਈਆ ਅਪਣਾਉਣ, ਜਦਕਿ ਡਾ. ਸੁਮਿਤ ਸੋਫ਼ਤ 'ਤੇ ਵੈਧ ਵਾਰੰਟ ਦੇ ਬਾਵਜੂਦ ਜਾਂਚ ਰੋਕਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ।