July 5, 2025

Punjab Speaks Team / Panjab
ਯੁੱਧ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਅੱਜ ਸ਼ਹਿਰ ਦੇ ਵਾਰਡ ਨੰਬਰ 7 ਵਿਖੇ ਨਸ਼ਾ ਤਸਕਰ ਵੱਲੋਂ ਬਣਾਈ ਗਈ ਨਾਜਾਇਜ਼ ਉਸਾਰੀ 'ਤੇ ਪੀਲਾ ਪੰਜਾ ਚਲਾਇਆ ਗਿਆ। ਇਸ ਮੌਕੇ ਕੋਈ ਵੀ ਅਣਹੋਣੀ ਨਾ ਵਾਪਰੇ ਇਸ ਲਈ ਪੂਰੀ ਗਲੀ ਨੂੰ ਬੰਦ ਕਰਕੇ ਪੁਲਿਸ ਛਾਉਣੀ ਵਿੱਚ ਬਦਲਿਆ ਗਿਆ ਸੀ। ਇਸ ਮੌਕੇ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਖੁਦ ਮੌਕੇ 'ਤੇ ਮੋਜੂਦ ਸਨ। ਜਿਨ੍ਹਾਂ ਦੀ ਮੌਜੂਦਗੀ ਵਿੱਚ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਮੋਹਨ ਸਿੰਘ ਮੋਗਲੀ ਤੇ ਬਿਕਰਮ ਸਿੰਘ ਬਿੱਕੀ ਤੇ ਬਨੂੜ ਅਤੇ ਰਾਜਪੁਰਾ ਵਿਖੇ ਨਸ਼ਾ ਵੇਚਣ ਦੇ ਅੱਧੀ ਦਰਜਨ ਦੇ ਕਰੀਬ ਮੁਕੱਦਮੇ ਦਰਜ ਹਨ। ਜਿਸ ਵਿੱਚ ਉਹ ਜੇਲ੍ਹ ਦੀ ਹਵਾ ਵੀ ਖਾ ਚੁੱਕੇ ਹਨ। ਇਸ ਦੋਰਾਨ ਉਨਾਂ ਨੂੰ ਨਗਰ ਕੌਂਸਲ ਵੱਲੋਂ ਸੂਚਨਾਂ ਮਿਲੀ ਸੀ ਕਿ ਇਨ੍ਹਾਂ ਨੇ ਕੌਂਸਲ ਤੋਂ ਬਿਨਾਂ ਨਕਸ਼ਾ ਪਾਸ ਕਰਵਾਏ ਮਕਾਨ ਦੀ ਉਸਾਰੀ ਕੀਤੀ ਹੋਈ ਹੈ, ਜਿਨ੍ਹਾਂ ਨੂੰ ਨੋਟਿਸ ਵੀ ਭੇਜੇ ਗਏ ਹਨ ਪਰ ਉਨ੍ਹਾਂ ਤੇ ਕੋਈ ਅਸਰ ਨਹੀ ਹੋਇਆ।
ਉਨ੍ਹਾਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੇ ਇੰਨੀ ਵੱਡੀ ਨਾਜਾਇਜ਼ ਜਗ੍ਹਾ ਵਿੱਚ ਕੋਠੀ ਕਿਥੋਂ ਬਣਾਈ ਇਸ ਦਾ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੌਂਸਲ ਵੱਲੋਂ ਮਕਾਨ ਨੂੰ ਢਾਹੁਣ ਲਈ ਮੰਗੀ ਪ੍ਰੋਟਕਸ਼ਨ ਤੋਂ ਬਾਅਦ ਉਨਾਂ ਨੇ ਵੱਡੀ ਗਿਣਤੀ ਵਿੱਚ ਕੌਂਸਲ ਨੂੰ ਪੁਲਿਸ ਫੋਰਸ ਮੁਹੱਈਆ ਕਰਵਾਈ ਤੇ ਉਹ ਖੁਦ ਵੀ ਮੌਕੇ 'ਤੇ ਪੁੱਜੇ। ਜਿਸ ਤੋਂ ਬਾਅਦ ਪੀਲੇ ਪੰਜੇ ਦੀ ਮਦਦ ਨਾਲ ਤਸਕਰ ਵੱਲੋਂ ਨਸ਼ੇ ਦੇ ਪੈਸੇ ਨਾਲ ਬਣਾਈ ਕੋਠੀ ਤੇ ਪੀਲਾ ਪੰਜਾ ਚਲਾਇਆ ਗਿਆ। ਇਸ ਦੌਰਾਨ ਐਸਐਸਪੀ ਪਟਿਆਲਾ ਨੇ ਕਿਹਾ ਕਿ ਸਰਕਾਰ ਨਸ਼ਿਆਂ ਵਿਰੁੱਧ ਬਹੁਤ ਸਖਤ ਹੈ ਉਨ੍ਹਾਂ ਨਸ਼ਾ ਵੇਚਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਸੰਭਲ ਜਾਣ ਨਹੀ ਤਾਂ ਅਗਲਾ ਘਰ ਉਨ੍ਹਾਂ ਦਾ ਵੀ ਹੋ ਸਕਦਾ ਹੈ।
