July 5, 2025

Punjab Speaks Team / Panjab
ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਗ੍ਰਿਫ਼ਤਾਰ ਸ਼੍ਰੋਮਣੀ ਅਕਾਲੀ ਦਲ (ਸ਼੍ਰੋਅਦ) ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਕੇਸ ਦਾ ਰਿਕਾਰਡ ਵਿਜੀਲੈਂਸ ਬਿਊਰੋ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੂੰ ਅਗਲੇ ਹਫਤੇ ਸੌਂਪ ਸਕਦਾ ਹੈ। ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਵਿਜੀਲੈਂਸ ਉਨ੍ਹਾਂ ਨੂੰ ਰਿਮਾਂਡ 'ਤੇ ਲੈ ਕੇ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਵਿਜੀਲੈਂਸ ਦੀ ਟੀਮ ਉਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਅਤੇ ਉਤਰ ਪ੍ਰਦੇਸ਼ ਵੀ ਲੈ ਜਾ ਚੁੱਕੀ ਹੈ। ਇਸ ਦੌਰਾਨ ਪਿਛਲੇ ਹਫਤੇ ਐਨਸੀਬੀ ਨੇ ਵੀ ਮਜੀਠੀਆ ਦੇ ਮਾਮਲੇ 'ਚ ਜਾਂਚ ਸ਼ੁਰੂ ਕਰਦਿਆਂ ਵਿਜੀਲੈਂਸ ਤੋਂ ਹੁਣ ਤਕ ਦੀ ਜਾਂਚ ਦਾ ਰਿਕਾਰਡ ਮੰਗਿਆ ਹੈ। ਇਸ ਕੇਸ 'ਚ ਐਨਸੀਬੀ ਦੀ ਐਂਟਰੀ 'ਤੇ ਆਮ ਆਦਮੀ ਪਾਰਟੀ ਨੇ ਸਵਾਲ ਉਠਾਏ ਹਨ। ਪਾਰਟੀ ਦਾ ਕਹਿਣਾ ਹੈ ਕਿ ਪਹਿਲਾਂ ਐਨਸੀਬੀ ਨੇ ਕਦੇ ਵੀ ਜਾਂਚ ਨਹੀਂ ਕੀਤੀ ਤੇ ਹੁਣ ਜਦੋਂ ਵਿਜੀਲੈਂਸ ਨੇ ਮਜੀਠੀਆ 'ਤੇ ਸ਼ਿਕੰਜਾ ਕੱਸਿਆ ਹੈ ਤਾਂ ਕੇਂਦਰ ਸਰਕਾਰ ਨੇ ਐਨਸੀਬੀ ਨੂੰ ਵੀ ਜਾਂਚ ਕਰਨ ਲਈ ਕਿਹਾ ਹੈ ਤਾਂ ਜੋ ਇਸ ਕੇਸ ਨੂੰ ਕਮਜ਼ੋਰ ਕੀਤਾ ਜਾ ਸਕੇ।
ਇਸ ਮਾਮਲੇ 'ਚ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਦੀ ਵੱਲੋਂ ਬਿਆਨ ਦਰਜ ਕਰਨ ਤੋਂ ਬਾਅਦ ਵਿਜੀਲੈਂਸ ਬਿਊਰੋ ਕੋਰਟ 'ਚ ਈਡੀ ਦੀ ਵੱਲੋਂ ਦਰਜ ਕੀਤੇ ਬਿਆਨਾਂ ਅਤੇ ਹੁਣ ਤਕ ਕੀਤੀ ਗਈ ਜਾਂਚ ਦੇ ਦਸਤਾਵੇਜ਼ ਹਾਸਲ ਕਰਨ ਦੀ ਤਿਆਰੀ ਕਰ ਚੁੱਕੀ ਹੈ। ਯਾਦ ਰਹੇ ਕਿ ਨਿਰੰਜਨ ਸਿੰਘ ਨੇ ਕਿਹਾ ਸੀ ਕਿ ਰਿਕਾਰਡ ਈਡੀ ਦੇ ਪਾਸ ਹੈ। ਜਦੋਂ ਵਿਜੀਲੈਂਸ ਈਡੀ ਤੋਂ ਰਿਕਾਰਡ ਲੈ ਆਏਗੀ, ਤਾਂ ਉਨ੍ਹਾਂ ਦੀ ਤਸਦੀਕ ਕਰ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਰਿਕਾਰਡ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਧਰ, ਚਾਰ ਦਿਨਾ ਰਿਮਾਂਡ 'ਤੇ ਭੇਜੇ ਗਏ ਮਜੀਠੀਆ ਦਾ ਰਿਮਾਂਡ ਸ਼ਨੀਵਾਰ ਨੂੰ ਸਮਾਪਤ ਹੋ ਜਾਵੇਗਾ। ਐਤਵਾਰ ਨੂੰ ਵਿਜੀਲੈਂਸ ਉਨ੍ਹਾਂ ਨੂੰ ਕੋਰਟ 'ਚ ਪੇਸ਼ ਕਰ ਕੇ ਜਾਂਚ ਵਿਚ ਸਹਿਯੋਗ ਨਾ ਕਰਨ ਦੇ ਦੋਸ਼ ਲਗਾਉਂਦੇ ਹੋਏ ਦੁਬਾਰਾ ਰਿਮਾਂਡ ਮੰਗ ਸਕਦੀ ਹੈ। ਹੁਣ ਤਕ ਇਸ ਮਾਮਲੇ 'ਚ ਵਿਜੀਲੈਂਸ ਵੱਲੋਂ ਛੇ ਲੋਕਾਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ। ਵਿਜੀਲੈਂਸ ਦੇ ਅਧਿਕਾਰੀਆਂ ਦੇ ਅਨੁਸਾਰ, ਇਸ ਮਾਮਲੇ 'ਚ ਮਜੀਠੀਆ ਵੱਲੋਂ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਹੈ।
Vigilance Bureau May Hand Over Majithia Case Record To Ncb Next Week
