July 3, 2025

Punjab Speaks Team / Panjab
ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਧਨੌਲਾ ਤੇ ਹੋਰਨਾਂ ਸਿੰਘ ਸਾਹਿਬਾਨਾਂ ਅੱਗੇ ਪੇਸ਼ ਹੋ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਨੂੰ ਡੇਰੇ ਜਾ ਕੇ ਮਿਲਣ ਅਤੇ ਸਨਮਾਨਿਤ ਕਰਨ 'ਤੇ ਆਪਣੇ ਆਪ ਨੂੰ ਸਿੱਖ ਰਹਿਤ ਮਰਿਆਦਾ ਤੋਂ ਉਲਟ ਜਾਣ 'ਤੇ ਪਛਤਾਵਾ ਕੀਤਾ ਹੈ। ਆਪਣੀ ਇਸ ਭੁੱਲ ਨੂੰ ਮੰਨਦੇ ਹੋਏ ਜਗਦੀਸ਼ ਸਿੰਘ ਝੀਂਡਾ ਨੇ ਸਾਥੀ ਮੈਂਬਰਾਂ ਸਮੇਤ ਪੁੱਜ ਕੇ ਜਥੇਦਾਰਾਂ ਅੱਗੇ ਇਸ ਹੋਈ ਭੁੱਲ ਨੂੰ ਬਖਸ਼ਾਉਣ ਲਈ ਆਪਣੀ ਗਲਤੀ ਨੂੰ ਮੰਨਿਆ ਹੈ।
ਝੀਂਡਾ ਨੇ ਕਿਹਾ ਕਿ ਪਿਛਲੇ ਦਿਨੀਂ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਸਨ। ਜਿਸ ਤੋਂ ਬਾਅਦ ਉਹ ਕੁਝ ਲੋਕਾਂ ਦੇ ਬਹਿਕਾਵੇ ਵਿੱਚ ਆ ਕੇ ਵਾਪਸੀ ਮੌਕੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਨੂੰ ਮਿਲਣ ਲਈ ਪਹੁੰਚੇ ਅਤੇ ਉਨ੍ਹਾਂ ਵੱਲੋਂ ਡੇਰਾ ਮੁਖੀ ਨੂੰ ਸਨਮਾਨਿਤ ਵੀ ਕੀਤਾ ਗਿਆ। ਜੋ ਕਿ ਉਨ੍ਹਾਂ ਦੀ ਭੁੱਲ ਸੀ। ਕੀਤੇ ਗਏ ਸਵਾਲ 'ਚ ਝੀਂਡਾ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਦੇ ਚੇਅਰਮੈਨ ਬਾਬਾ ਬਲਜੀਤ ਸਿੰਘ ਦਾਦੂਵਾਲ ਦਾ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਲਗਾਤਾਰ ਤਾਲਮੇਲ ਰੱਖਣਾ ਗਲਤ ਹੈ ਅਤੇ ਇਸ ਲਈ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਪਹੁੰਚ ਕੇ ਆਪਣੀ ਭੁੱਲ ਬਖਸ਼ਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਗਾਂਹ ਵੀ ਉਹ ਧਿਆਨ ਰੱਖਣਗੇ ਕਿ ਇਸ ਤਰ੍ਹਾਂ ਦੀ ਭੁੱਲ ਨਾ ਹੋਵੇ।
Haryana Committee President Jhinda Apologizes To Akal Takht For Meeting Dera Beas Chief
