July 2, 2025

Punjab Speaks Team / Panjab
ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਗ੍ਰਿਫ਼ਤਾਰ ਸੀਨੀਅਰ ਅਕਾਲੀ ਨੇਤਾ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਬੁੱਧਵਾਰ ਨੂੰ ਮੋਹਾਲੀ ਕੋਰਟ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਮਜੀਠੀਆ ਦਾ ਵਿਜੀਲੈਂਸ ਰਿਮਾਂਡ ਚਾਰ ਦਿਨ ਹੋਰ ਵਧਾ ਦਿੱਤਾ ਹੈ। ਵਿਜੀਲੈਂਸ ਨੇ ਮਜੀਠੀਆ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਹੋਣ ਸੰਬੰਧੀ ਸਬੂਤ ਹੋਣ ਦਾ ਦਾਅਵਾ ਕੀਤਾ ਹੈ। ਸਰਕਾਰੀ ਵਕੀਲ ਨੇ ਕਿਹਾ ਕਿ ਮਜੀਠੀਆ ਦੀਆਂ ਦਿੱਲੀ, ਸ਼ਿਮਲਾ ਅਤੇ ਗੋਰਖਪੁਰ 'ਚ ਜਾਇਦਾਦਾਂ ਹਨ, ਜਿਨ੍ਹਾਂ ਦੀ ਜਾਂਚ ਕਰਨ ਦੀ ਲੋੜ ਹੈ। ਇਨ੍ਹਾਂ ਵਿੱਚੋਂ ਕੁਝ ਜਾਇਦਾਦਾਂ ਉਨ੍ਹਾਂ ਦੇ ਪਿਤਾ ਦੇ ਨਾਂ 'ਤੇ ਸਨ, ਜੋ ਮਜੀਠੀਆ ਦੇ ਮੰਤਰੀ ਬਣਨ ਤੋਂ ਬਾਅਦ ਵੇਚ ਦਿੱਤੀਆਂ ਗਈਆਂ ਸਨ।
ਮੋਹਾਲੀ ਅਦਾਲਤ 'ਚ ਵਿਜੀਲੈਂਸ ਵੱਲੋਂ ਸਰਕਾਰੀ ਵਕੀਲ ਨੇ ਦਲੀਲ ਦਿੱਤੀ ਕਿ ਮਜੀਠੀਆ ਜਾਂਚ ਵਿਚ ਸਹਿਯੋਗ ਨਹੀਂ ਕਰ ਰਹੇ ਹਨ। ਉਨ੍ਹਾਂ ਹੋਰ ਸੂਬਿਆਂ 'ਚ ਵੀ ਲਿਜਾਣਾ ਪਵੇਗਾ। ਇਸ ਲਈ ਉਨ੍ਹਾਂ ਦਾ ਰਿਮਾਂਡ ਵਧਾਇਆ ਜਾਣਾ ਚਾਹੀਦਾ ਹੈ। ਅਦਾਲਤ ਨੇ ਬਿਊਰੋ ਦੀ ਮੰਗ ਨੂੰ ਸਵੀਕਾਰ ਕਰਦੇ ਹੋਏ ਚਾਰ ਦਿਨ ਹੋਰ ਰਿਮਾਂਡ ਵਧਾ ਦਿੱਤਾ।ਇਸ ਤੋਂ ਪਹਿਲਾਂ, ਅਦਾਲਤੀ ਸੁਣਵਾਈ ਦੌਰਾਨ ਮਾਹੌਲ ਤਣਾਅਪੂਰਨ ਹੋ ਗਿਆ ਸੀ। ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਸੁਖਬੀਰ ਬਾਦਲ ਆਪਣੇ ਸਮਰਥਕਾਂ ਨਾਲ ਮਜੀਠੀਆ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਨ ਲਈ ਮੋਹਾਲੀ ਪਹੁੰਚ ਗਏ। ਹਾਲਾਂਕਿ ਉਨ੍ਹਾਂ ਅਦਾਲਤ ਵੱਲ ਆਉਂਦਿਆਂ ਦੇਖ ਕੇ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਤੇ ਦੋ ਘੰਟੇ ਬਾਅਦ ਛੱਡ ਵੀ ਦਿੱਤਾ। ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਕਲੇਰ ਨੇ ਸਰਕਾਰੀ ਖਿਲਾਫ਼ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਮਜੀਠੀਆ ਕਦੀ ਗੋਰਖਪੁਰ ਗਏ ਹੀ ਨਹੀਂ।
Majithia S Remand Extended By 4 Days Government Prosecutor Said Not Cooperating In The Investigation
