July 1, 2025

Punjab Speaks Team / Panjab
ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਮੂੰਮ ਵਿਖੇ ਇਕ ਘਰ 'ਚ ਅਚਾਨਕ ਅੱਗ ਲੱਗ ਜਾਣ ਕਾਰਨ ਪਤੀ–ਪਤਨੀ ਦੀ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ। ਹਾਦਸੇ 'ਚ ਕਮਰੇ 'ਚ ਪਿਆ ਘਰ ਦਾ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ। ਪਿੰਡ 'ਚ ਸੋਗ ਦੀ ਲਹਿਰ ਛਾ ਗਈ ਹੈ। ਇਸ ਮੌਕੇ ਮ੍ਰਿਤਕ ਦੇ ਭਰਾ ਹਰਚੰਦ ਸਿੰਘ, ਜਸਵੰਤ ਸਿੰਘ ਤੇ ਸਤਿਨਾਮ ਸਿੰਘ ਨੇ ਦੱਸਿਆ ਕਿ ਸਵੇਰੇ ਤਕਰੀਬਨ ਤਿੰਨ ਵਜੇ ਬਰਸਾਤ ਦੌਰਾਨ ਜਗਰੂਪ ਸਿੰਘ 45 ਸਾਲ ਪੁੱਤਰ ਲਾਭ ਸਿੰਘ ਤੇ ਉਸ ਦੀ ਪਤਨੀ ਅੰਗਰੇਜ਼ ਕੌਰ ਘਰ ਦੇ ਵਿਹੜੇ 'ਚ ਸੌਂ ਰਹੇ ਸਨ। ਬਾਰਿਸ਼ ਹੋਣ ਕਾਰਨ ਉਹ ਆਪਣੇ ਮੰਜੇ ਕਮਰੇ ਅੰਦਰ ਕਰ ਕੇ ਸੌਂ ਗਏ। ਇਸ ਦੌਰਾਨ ਕਮਰੇ ਦੀ ਬਿਜਲੀ ਸਪਲਾਈ 'ਚ ਸ਼ਾਰਟ ਸਰਕਟ ਹੋ ਗਿਆ ਜਿਸ ਨਾਲ ਅਚਾਨਕ ਅੱਗ ਭੜਕ ਉਠੀ। ਹਾਦਸੇ 'ਚ ਜਗਰੂਪ ਸਿੰਘ ਦੀ ਸਾਹ ਘੁੱਟਣ ਤੇ ਸੜਨ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ।
ਉਸ ਦੀ ਪਤਨੀ ਅੰਗਰੇਜ਼ ਕੌਰ ਬਹੁਤ ਜ਼ਿਆਦਾ ਝੁਲਸਣ ਨਾਲ ਜ਼ਖ਼ਮੀ ਹੋ ਗਈ। ਉਸ ਨੂੰ ਤੁਰੰਤ ਬਰਨਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਜਿੱਥੇ ਜ਼ਖ਼ਮਾਂ ਦੀ ਤਾਵ ਨਾ ਸਹਾਰਦਿਆਂ ਉਹ ਦਮ ਤੋੜ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਪਤੀ-ਪਤਨੀ ਦਾ 10 ਸਾਲਾ ਬੇਟਾ, ਜੋ ਛੇਵੀਂ ਜਮਾਤ 'ਚ ਪੜ੍ਹਦਾ ਹੈ, ਹਾਦਸੇ ਵਾਲੀ ਰਾਤ ਆਪਣੇ ਚਾਚੇ ਦੇ ਘਰ ਸੁੱਤਾ ਹੋਇਆ ਸੀ ਜਿਸ ਕਾਰਨ ਉਸ ਦੀ ਜਾਨ ਬਚ ਗਈ। ਆਸ-ਪਾਸ ਦੇ ਲੋਕਾਂ ਨੇ ਅੰਗਰੇਜ਼ ਕੌਰ ਦੀਆਂ ਚੀਕਾਂ ਸੁਣ ਕੇ ਇਕੱਠੇ ਹੋ ਕੇ ਵੱਖ-ਵੱਖ ਯੰਤਰਾਂ ਨਾਲ ਅੱਗ 'ਤੇ ਕਾਬੂ ਪਾਇਆ ਪਰ ਉਦੋਂ ਤਕ ਜਗਰੂਪ ਸਿੰਘ ਦੀ ਮੌਤ ਹੋ ਚੁੱਕੀ ਸੀ। ਘਰ ਅੰਦਰ ਪਏ ਬੈੱਡ, ਕੂਲਰ, ਟੀਵੀ ਤੇ ਹੋਰ ਕੀਮਤੀ ਸਾਮਾਨ ਵੀ ਸੜ੍ਹ ਕੇ ਸੁਆਹ ਹੋ ਗਿਆ।
A Sudden Fire Broke Out At A House In Barnala Killing A Husband And Wife While A 10 Year Old Son Sleeping At His Uncle S House Was Safe
