June 30, 2025

Punjab Speaks Team / Panjab
ਫਿਰੋਜ਼ਪੁਰ ਦੇ ਗੁਰੂਹਰਸਹਾਇ ’ਚ ਪੈਂਦੇ ਡੀਏਵੀ ਸਕੂਲ ਨੇੜੇ ਖੇਡ ਦੇ ਮੈਦਾਨ ਵਿਚ ਐਤਵਾਰ ਸਵੇਰੇ ਕ੍ਰਿਕਟ ਮੁਕਾਬਲੇ ਦਾ ਫਾਈਨਲ ਮੈਚ ਖੇਡ ਰਹੇ 35 ਸਾਲਾ ਹਰਜੀਤ ਸਿੰਘ ਨੇ ਛੱਕਾ ਮਾਰਨ ਮਗਰੋਂ ਪਿੱਚ ’ਤੇ ਹੀ ਦਮ ਤੋੜ ਦਿੱਤਾ। ਹਰਜੀਤ ਛੱਕਾ ਮਾਰਨ ਤੋਂ ਬਾਅਦ ਆਪਣੇ ਸਾਥੀ ਖਿਡਾਰੀ ਰਚਿਤ ਸੋਢੀ ਨੂੰ ਮਿਲਣ ਲਈ ਅੱਗੇ ਵਧਿਆ ਅਤੇ ਅੱਧੀ ਪਿੱਚ ’ਤੇ ਪਹੁੰਚਦੇ ਹੀ ਗੋਡਿਆਂ ਦੇ ਭਾਰ ਬੈਠ ਗਿਆ। ਇਸ ਤੋਂ ਬਾਅਦ ਸਾਥੀ ਖਿਡਾਰੀਆਂ ਨੇ ਉਸ ਨੂੰ ਸੰਭਾਲਿਆ ਤੇ ਹਸਪਤਾਲ ਲੈ ਕੇ ਗਏ। ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਡਾਕਟਰਾਂ ਮੁਤਾਬਕ, ਹਰਜੀਤ ਦੀ ਮੌਤ ਦਿਲ ਦੀ ਧੜਕਣ ਰੁਕਣ ਕਾਰਨ ਹੋਈ ਹੈ।
ਹਰਜੀਤ ਕਾਰਪੇਂਟਰ ਦਾ ਕੰਮ ਕਰਦਾ ਸੀ। ਘਰ ਵਿਚ ਉਸ ਦੇ ਬਜ਼ੁਰਗ ਮਾਤਾ-ਪਿਤਾ, ਪਤਨੀ ਤੇ ਅੱਠ ਸਾਲ ਦਾ ਪੁੱਤਰ ਹੈ। ਹਰਜੀਤ ਹਰ ਐਤਵਾਰ ਨੂੰ ਆਪਣੇ ਸਾਥੀਆਂ ਨਾਲ ਕ੍ਰਿਕਟ ਮੈਚ ਖੇਡਣ ਜਾਂਦਾ ਸੀ। ਐਤਵਾਰ ਨੂੰ ਪਿੰਡ ਹਾਮਦ ਤੇ ਗੁਰੂਹਰਸਹਾਇ ਦੀ ਟੀਮ ਦਾ ਫਾਈਨਲ ਮੈਚ ਸੀ। ਮੈਚ ਖੇਡਣ ਲਈ ਹਰਜੀਤ ਸਵੇਰੇ ਛੇ ਵਜੇ ਘਰੋਂ ਨਿਕਲਿਆ ਸੀ। ਮੈਚ ਦੇ ਨੌਵੇਂ ਓਵਰ ਦੀ ਚੌਥੀ ਗੇਂਦ ’ਤੇ ਹਰਜੀਤ ਨੇ ਛੱਕਾ ਮਾਰਿਆ। ਸਾਥੀ ਖਿਡਾਰੀ ਰਚਿਤ ਸੋਢੀ ਨੇ ਦੱਸਿਆ ਕਿ ਇਸ ਤੋਂ ਬਾਅਦ ਹਰਜੀਤ ਮਿਲਣ ਲਈ ਅੱਗੇ ਵਧਿਆ ਅਤੇ ਫਿਰ ਜ਼ਮੀਨ ’ਤੇ ਲੇਟ ਗਿਆ। ਉੱਧਰ, ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਐਤਵਾਰ ਦਾ ਦਿਨ ਹੋਣ ਕਾਰਨ ਉਹ ਵੀ ਦੇਰ ਨਾਲ ਉੱਠੇ ਸਨ ਤੇ ਸੋਚਿਆ ਸੀ ਕਿ ਹਰਜੀਤ ਦੇ ਆਉਣ ’ਤੇ ਉਸ ਦੇ ਨਾਲ ਹੀ ਨਾਸ਼ਤਾ ਕਰਨਗੇ ਪਰ ਸਾਰਾ ਕੁਝ ਬਿਖਰ ਗਿਆ।
A 35 Year Old Youth Died Of Cardiac Arrest After Hitting A Six During A Cricket Match In Ferozepur On Sunday
