June 30, 2025

Punjab Speaks Team / Panjab
ਤਲਵੰਡੀ ਧਾਮ ਦੇ ਸਵਾਮੀ ਸ਼ੰਕਰਾ ਨੰਦ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਾਇਰਲ ਵੀਡੀਓ ਦਾ ਵਿਵਾਦ ਲਗਾਤਾਰ ਵੱਧ ਜਾ ਰਿਹਾ ਹੈ। ਸੋਮਵਾਰ ਨੂੰ ਬਾਲ ਘਰ 'ਚ ਹੀ ਰਹਿ ਚੁੱਕੀ ਇਕ ਬੱਚੀ ਨੇ 15 ਸਾਲ ਬਾਲ ਘਰ 'ਚ ਰਹਿੰਦਿਆਂ ਉਸ 'ਤੇ ਅਤੇ ਹੋਰਾਂ ਬੱਚੀਆਂ 'ਤੇ ਹੁੰਦੇ ਅੰਨ੍ਹੇ ਤਸ਼ੱਦਦ ਦਾ ਦਰਦ ਬਿਆਨ ਕੀਤਾ। ਸਵਾਮੀ ਸ਼ੰਕਰਾ ਨੰਦ ਦੀ ਅਸ਼ਲੀਲ ਵੀਡੀਓ ਵਾਇਰਲ ਮਾਮਲੇ ਦਾ ਵਿਰੋਧ ਕਰ ਰਹੇ ਜਸਵਿੰਦਰ ਸਿੰਘ ਸਰਾਂ ਅਤੇ ਪਿੰਡ ਤਲਵੰਡੀ ਖੁਰਦ ਦੇ ਸਾਬਕਾ ਸਰਪੰਚ ਹਰਬੰਸ ਸਿੰਘ ਸਮੇਤ ਵੱਡੇ ਇਕੱਠ ਦੀ ਅਗਵਾਈ ਹੇਠ ਜਗਰਾਉਂ ਦੇ ਐਸਐਸਪੀ ਦਫਤਰ ਸ਼ਿਕਾਇਤ ਲੈ ਕੇ ਪੁੱਜੀ ਇਸ ਲੜਕੀ ਨੇ ਦੱਸਿਆ ਕਿ ਬਾਲ ਘਰ ਵਿੱਚ ਕੁਝ ਵੀ ਠੀਕ ਨਹੀਂ ਹੈ। ਉਥੋਂ ਦੇ ਪੰਜ ਕਰਤਾ-ਧਰਤਾ ਬੱਚੀਆਂ 'ਤੇ ਅੰਨ੍ਹਾਂ ਤਸ਼ੱਦਦ ਕਰਦੇ ਹਨ। ਉਸ ਨੇ ਵੀ ਬਹੁਤ ਤਸ਼ੱਦਦ ਬਰਦਾਸ਼ਤ ਕੀਤਾ। ਉੱਥੇ ਬਾਲ ਘਰ ਦੇ ਪ੍ਰਬੰਧਕਾਂ ਦੀ ਮਰਜ਼ੀ ਨਾਲ ਜੋ ਉਹ ਕਹਿੰਦੇ ਹਨ, ਉਹ ਕਰਨਾ ਪੈਂਦਾ ਹੈ। ਰੱਤੀ ਭਰ ਵੀ ਉਨ੍ਹਾਂ ਦੇ ਫਰਮਾਨ ਤੋਂ ਬਾਹਰ ਹੋਣ ਵਾਲੇ ਬੱਚਿਆਂ ਨੂੰ ਕੁੱਟਿਆ ਮਾਰਿਆ ਤੇ ਤਸੀਹੇ ਦਿੱਤੇ ਜਾਂਦੇ ਹਨ। ਇਹੀ ਨਹੀਂ ਬਾਲ ਘਰ 'ਚ ਬਣੀ ਜੇਲ੍ਹ ਵਿੱਚ ਸੁੱਟ ਕੇ ਭੁੱਖੇ ਭਾਣੇ ਰੱਖਿਆ ਜਾਂਦਾ। ਇਸ ਮਾਮਲੇ ਵਿੱਚ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਮੁਖੀ ਡਾਕਟਰ ਅੰਕੁਰ ਗੁਪਤਾ ਨੇ ਕਿਹਾ ਕਿ ਸ਼ਿਕਾਇਤਕਰਤਾ ਦੀ ਸ਼ਿਕਾਇਤ ਦੀ ਜਾਂਚ ਲਈ ਮੁੱਲਾਪੁਰ ਦਾਖਾ ਦੇ ਡੀਐਸਪੀ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ।
Stories Of Child Abuse At Talwandi Dham Orphanage Raise Questions
