June 10, 2025

Punjab Speaks Team / Panjab
ਪੰਜਾਬ ਵਿਚ ਸਿੱਖਾਂ ਦੇ ਤੇਜ਼ੀ ਨਾਲ ਹੋ ਰਹੇ ਈਸਾਈਕਰਨ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਨੇ ਸਿੱਖਾਂ ਦੀ ਪ੍ਰਮੁੱਖ ਸੰਸਥਾ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ’ਤੇ ਹਮਲਾ ਕਰਦਿਆਂ ਉਸ ਨੂੰ ਸਿੱਖ ਧਰਮ ਦੀ ਰੱਖਿਆ ਵਿਚ ਅਸਫਲ ਹੋਣ ਦੇ ਗੰਭੀਰ ਦੋਸ਼ ਲਗਾਏ ਹਨ। ਡੀਐੱਸਜੀਐੱਮਸੀ ਦਾ ਕਹਿਣਾ ਹੈ ਕਿ ਪੰਜਾਬ ਦੇ 12 ਹਜ਼ਾਰ ਵਿੱਚੋਂ 8 ਹਜ਼ਾਰ ਪਿੰਡਾਂ ਵਿਚ ਈਸਾਈ ਪ੍ਰਚਾਰਕਾਂ ਵੱਲੋਂ ਸਿੱਖਾਂ ਦੇ ਸਮੂਹਿਕ ਧਰਮ ਪਰਿਵਰਤਨ ਕਰਵਾਏ ਜਾ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਆਪਣੇ ਸੀਮਤ ਸਾਧਨਾਂ ਜ਼ਰੀਏ ਪੰਜਾਬ ਵਿਚ 2,500 ਸਿੱਖਾਂ ਦੀ ਘਰ ਵਾਪਸੀ ਕਰਵਾਈ ਹੈ ਅਤੇ ਅੱਗੇ ਰਾਜ ਦੇ ਹਰ ਖੇਤਰ ਵਿਚ ਅੰਮ੍ਰਿਤ ਸੰਚਾਰ ਕੈਂਪ ਲਗਾਉਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਪੰਜਾਬ ਦੇ ਸਿੱਖਾਂ ਨੂੰ ਆਪਣੇ ਧਰਮ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਨੂੰ ‘ਖੰਡੇ ਬਾਟੇ ਦਾ ਅੰਮ੍ਰਿਤ’ ਪਿਆਇਆ ਜਾਵੇਗਾ।
ਡੀਐੱਸਜੀਐੱਮਸੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਮੁੱਖ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਈਸਾਈ ਪ੍ਰਚਾਰਕ ਪੰਜਾਬ ਵਿਚ ਗਰੀਬ ਅਤੇ ਕਮਜ਼ੋਰ ਸਿੱਖਾਂ ਨੂੰ ਲਾਲਚ ਦੇ ਕੇ ਈਸਾਈ ਧਰਮ ਵਿਚ ਸ਼ਾਮਲ ਕਰ ਰਹੇ ਹਨ। ਇਹ ਬਹੁਤ ਦੁੱਖਦਾਈ ਹੈ ਕਿ ਪੰਜਾਬ ਵਿਚ ਈਸਾਈ ਧਰਮ ਦਾ ਪ੍ਰਚਾਰ ਇੰਨਾ ਉੱਚ ਪੱਧਰ ’ਤੇ ਪਹੁੰਚ ਗਿਆ ਹੈ ਪਰ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਧਰਮ ਦੇ ਪ੍ਰਚਾਰ ਦੀ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਵਿਚ ਅਸਫਲ ਰਹੀ ਹੈ।ਇਸ ਮੌਕੇ ਕਾਲਕਾ ਅਤੇ ਕਾਹਲੋਂ ਨੇ ਡੀਐੱਸਜੀਐੱਮਸੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀਕੇ ਨੂੰ ਵੀ ਨਿਸ਼ਾਨੇ ’ਤੇ ਲਿਆ।
In Punjab Weaker Section Sikhs Are Being Converted To Christianity Dsgmc Attacks Sgpc
