June 10, 2025

Punjab Speaks Team / Panjab
ਨੌਜਵਾਨ ਨੂੰ ਆਸਟ੍ਰੇਲੀਆ ਦਾ ਵਰਕ ਪਰਮਿਟ ਦਿਵਾਉਣ ਦਾ ਝਾਂਸਾ ਦੇ ਕੇ ਟ੍ਰੈੲਲ ਏਜੰਟਾਂ ਨੇ ਉਸ ਕੋਲੋਂ 34 ਲੱਖ ਰੁਪਏ ਹਾਸਿਲ ਕਰ ਲਏ। ਇਸ ਮਾਮਲੇ 'ਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਲੜਕੇ ਅਕਸ਼ਦੀਪ ਸਿੰਘ ਦੀ ਮਾਤਾ ਸੰਦੀਪ ਕੌਰ ਦੀ ਸ਼ਿਕਾਇਤ 'ਤੇ ਪਿੰਡ ਹੀਰੋ ਕਲਾਂ ਮਾਨਸਾ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਉਰਫ ਸੋਨੀ, ਅਰਸ਼ੀ ਤੇ ਸੰਦੀਪ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਅਕਸ਼ਦੀਪ ਦੀ ਮਾਤਾ ਸੰਦੀਪ ਕੌਰ ਨੇ ਦੱਸਿਆ ਕਿ ਕੁਝ ਮਹੀਨੇ ਪਹਿਲੋਂ ਉਸ ਦੇ ਬੇਟੇ ਨੇ ਵਿਦੇਸ਼ ਜਾਣ ਦੀ ਤਿਆਰੀ ਸ਼ੁਰੂ ਕੀਤੀ। ਇਸੇ ਦੌਰਾਨ ਉਨ੍ਹਾਂ ਦੀ ਮੁਲਾਕਾਤ ਤਿੰਨਾਂ ਟ੍ਰੈਵਲ ਏਜੰਟਾਂ ਨਾਲ ਹੋਈ। ਮੁਲਜ਼ਮਾਂ ਨੇ ਆਖਿਆ ਕਿ ਉਹ ਬੜੀ ਆਸਾਨੀ ਨਾਲ ਅਕਸ਼ਦੀਪ ਨੂੰ ਆਸਟ੍ਰੇਲੀਆ ਦਾ ਵਰਕ ਪਰਮਿਟ ਦਿਵਾ ਕੇ ਵਿਦੇਸ਼ ਭੇਜ ਦੇਣਗੇ।
ਆਸਟ੍ਰੇਲੀਆ ਭੇਜਣ ਦੇ ਨਾਂ 'ਤੇ ਮੁਲਜ਼ਮਾਂ ਨੇ ਉਨ੍ਹਾਂ ਕੋਲੋਂ 34 ਲੱਖ ਰੁਪਏ ਹਾਸਿਲ ਕਰ ਲਏ। ਕਈ ਮਹੀਨਿਆਂ ਤਕ ਨਾ ਤਾਂ ਵਰਕ ਪਰਮਿਟ ਆਇਆ ਤੇ ਨਾ ਹੀ ਮੁਲਜ਼ਮਾਂ ਨੇ ਉਨ੍ਹਾਂ ਦੀ ਰਕਮ ਵਾਪਸ ਮੋੜੀ। 7 ਮਾਰਚ 2025 ਨੂੰ ਔਰਤ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਇਕ ਲਿਖਤੀ ਸ਼ਿਕਾਇਤ ਦਿੱਤੀ। ਮਾਮਲੇ ਦੀ ਜਾਂਚ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਗੁਰਪ੍ਰੀਤ ਸਿੰਘ ਉਰਫ ਸੋਨੀ, ਅਰਸ਼ੀ ਤੇ ਸੰਦੀਪ ਖਿਲਾਫ ਧੋਖਾਧੜੀ ਅਪਰਾਧਿਕ ਸਾਜ਼ਿਸ਼ ਤੇ ਅਮਾਨਤ 'ਚ ਖਿਆਨਤ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਬਲਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ।
Fraud Of Rs 34 Lakhs On The Pretext Of Getting An Australian Work Permit Case Registered Against 3 Including A Woman
