June 9, 2025

Punjab Speaks Team / Panjab
ਮੋਗਾ 'ਚ ਪ੍ਰੀਖਿਆ ਦੌਰਾਨ ਨਕਲ ਕਰਵਾਉਣ ਵਾਲੇ ਵੱਡੇ ਗੈਂਗ ਦਾ ਪਰਦਾਫਾਸ਼, ਕਾਲਜ ਪ੍ਰਿੰਸੀਪਲ ਤੇ ਸਟਾਫ ਦੀ ਮਿਲੀਭੁਗਤ ਆਈ ਸਾਹਮਣੇਮਾਮਲਾ ਇਹ ਹੈ ਕਿ ਯੂਨੀਵਰਸਿਟੀ ਦੇ ਸਾਲਾਨਾ ਪੱਕੇ ਪੇਪਰ ਚੱਲ ਰਹੇ ਨੇ ਤੇ ਬੀਤੇ ਦਿਨੀਂ ਗੁਰੂ ਨਾਨਕ ਕਾਲਜ ਦਾ ਨਤੀਜਾ ਬੇਹੱਦ ਖਰਾਬ ਆਇਆ ਸੀ। ਪ੍ਰਿੰਸੀਪਲ ਮੈਡਮ ਅਤੇ ਸਟਾਫ਼ ਨੇ ਮਿਲੀਭੁਗਤ ਕਰ ਕੇ ਹੋਣਹਾਰ ਵਿਦਿਆਰਥੀਆਂ ਦੇ ਭਵਿੱਖ ਨਾਲ ਖੇਡਣ ਦੀ ਸਾਜ਼ਿਸ਼ ਰਚੀ। ਸੀਆਰਓ ਟੀਮ ਦੇ ਹਰਜਿੰਦਰ ਸਿੰਘ ਨੂੰ ਹੋਣਹਾਰ ਵਿਦਿਆਰਥੀਆਂ ਨੇ ਬਹੁਤ ਦਿਨਾਂ ਤੋਂ ਇਸ ਨਕਲ ਦੇ ਕਾਰੋਬਾਰ ਤੋਂ ਜਾਣੂ ਕਰਵਾਇਆ ਕਿ ਹਰ ਵਿਦਿਆਰਥੀ ਤੋਂ ਇਕ ਹਜ਼ਾਰ ਰੁਪਿਆ ਪਰ ਪੇਪਰ ਦਾ ਲਿਆ ਜਾਂਦਾ ਹੈ। ਇਸ ਤੋਂ ਬਾਅਦ ਸੀਆਰਓ ਟੀਮ ਕਾਲਜ ਸਾਹਮਣੇ ਸਥਿਤ ਪਾਰਕ 'ਚ ਡੱਟ ਗਈ ਅਤੇ ਨਕਲ ਕਰਵਾਉਣ ਵਾਲਿਆਂ ਦੀਆਂ ਵੀਡੀਓ ਬਣਾਉਣ ਲੱਗ ਪਈ।
ਪੂਰੀ ਪੜਤਾਲ ਅਤੇ ਸਬੂਤ ਇਕੱਠੇ ਕਰਨ ਤੋਂ ਬਾਅਦ ਐੱਸਐੱਸਪੀ ਮੋਗਾ ਅਜੇ ਗਾਂਧੀ, ਏਡੀਸੀ ਚਾਰੂਮਿਤਾ ਸ਼ੇਖਰ ਅਤੇ ਐੱਸਡੀਐੱਮ ਮੋਗਾ ਸਾਰੰਗਪ੍ਰੀਤ ਔਜਲਾ ਨੂੰ ਭੇਜੇ ਗਏ। ਪ੍ਰਸ਼ਾਸਨ ਵੱਲੋਂ ਸਿਟੀ ਥਾਣਾ ਇੰਚਾਰਜ ਹਰਜਿੰਦਰਪਾਲ ਸੇਖੋਂ ਅਤੇ ਨਾਇਬ ਤਹਿਸੀਲਦਾਰ ਅਮਨਦੀਪ ਸਿੰਘ ਦੀ ਡਿਊਟੀ ਕਾਲਜ 'ਚ ਰੇਡ ਕਰਨ ਦੀ ਡਿਊਟੀ ਲੱਗੀ। ਪੁਲਿਸ ਟੀਮ ਨੇ ਇਕ ਵਿਅਕਤੀ ਨੂੰ ਨਕਲ ਦੀ ਸਮੱਗਰੀ ਅਤੇ ਫੋਨਾਂ ਨਾਲ ਨੇਚਰ ਪਾਰਕ ਵਿਖੇ ਫੜ ਲਿਆ ਤੇ ਉਸਦੇ ਨਾਲ ਦੇ ਸਾਥੀ ਭੱਜਣ ਵਿਚ ਕਾਮਯਾਬ ਹੋ ਗਏ। ਉਸਦੇ ਮੋਬਾਈਲ ਰਾਹੀਂ ਬਹੁਤੇ ਵਿਦਿਆਰਥੀ ਆਨਲਾਈਨ ਪੇਪਰ ਕਰ ਰਹੇ ਸਨ।
ਉਕਤ ਵਿਅਕਤੀ ਨੂੰ ਜਦੋਂ ਗੁਰੂ ਨਾਨਕ ਕਾਲਜ ਦੇ ਅੰਦਰ ਲਿਜਾਇਆ ਗਿਆ ਤਾਂ ਚਲਦੇ ਪੇਪਰ 'ਚੋਂ ਮੋਬਾਈਲ ਫੋਨ ਅਤੇ ਈਅਰ ਫੋਨ ਪੁਲਿਸ ਨੇ ਬਰਾਮਦ ਕੀਤੇ। ਹਾਲੇ ਤਿੰਨ ਵਿਦਿਆਰਥੀਆਂ ਦੀ ਚੈਕਿੰਗ ਹੋਈ ਸੀ ਤੇ ਪ੍ਰਿੰਸੀਪਲ ਮੈਡਮ ਨੇ ਆ ਕੇ ਪੁਲਿਸ ਨਾਲ ਬਦਤਮੀਜ਼ੀ ਸ਼ੁਰੂ ਕਰ ਦਿੱਤੀ ਤੇ ਨਾ ਉੱਥੇ ਮੌਜੂਦ ਬਾਕੀ ਵਿਦਿਆਰਥੀਆਂ ਦੀ ਪੁਲਿਸ ਨੂੰ ਚੈਕਿੰਗ ਕਰਨ ਦਿੱਤੀ ਤੇ ਨਾ ਹੀ ਆਪਣੇ ਸਟਾਫ਼ ਨੂੰ ਚੈਕਿੰਗ ਲਈ ਕਿਹਾ। ਜ਼ਿਕਰਯੋਗ ਹੈ ਕਿ ਕਿਤੇ ਵੀ ਪੇਪਰ ਹੋਣ ਤੋਂ ਪਹਿਲਾ ਚੈੱਕ ਕਰ ਕੇ ਬੱਚਿਆਂ ਨੂੰ ਪ੍ਰੀਖਿਆ ਕੇਂਦਰ 'ਚ ਬੈਠਣ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ।
ਜਿਹੜੇ ਤਿੰਨ ਬੱਚਿਆਂ ਦੀ ਪੁਲਿਸ ਨੇ ਤਲਾਸ਼ੀ ਲਈ ਉਨ੍ਹਾਂ ਕੋਲੋਂ ਵੀ ਨਕਲ ਲਈ ਇਸਤੇਮਾਲ ਹੋ ਰਿਹਾ ਇਲੈਕਟ੍ਰੋਨਿਕ ਸਾਮਾਨ ਮਿਲਿਆ। ਪ੍ਰਿੰਸੀਪਲ ਮੈਡਮ ਅਤੇ ਸਟਾਫ਼ ਦਾ ਨਾ ਸਹਿਣਯੋਗ ਵਤੀਰਾ ਬਹੁਤ ਵੱਡੀ ਮਿਲੀਭਗਤ ਵੱਲ ਇਸ਼ਾਰਾ ਕਰ ਰਿਹਾ ਹੈ। ਖ਼ਬਰ ਲਿਖੇ ਜਾਣ ਤਕ ਸੀਆਰਓ ਟੀਮ ਦੇ ਬਿਆਨਾਂ ਤੇ ਪ੍ਰਿੰਸੀਪਲ, ਪੇਪਰ ਵਿਚ ਮੌਜੂਦ ਸਟਾਫ਼ ਅਤੇ ਨਕਲ ਕਰਵਾਉਣ ਵਾਲੇ ਅਤੇ ਨਕਲ ਕਰਨ ਵਾਲਿਆਂ 'ਤੇ ਮੋਗਾ ਪੁਲਿਸ ਪਰਚਾ ਦੇਣ ਦੀ ਤਿਆਰੀ ਕਰ ਰਹੀ ਹੈ।
A Big Gang Of Students Involved In Cheating During Exams Was Exposed In Moga Collusion Between The College Principal And Staff Came To Light
