April 23, 2025

Punjab Speaks Team / Panjab
ਪੀਐੱਸਪੀਸੀਐੱਲ ਵਿਚ ਡਵੀਜਨਾਂ ਦਾ ਕੋਈ ਨਿੱਜੀਕਰਨ ਨਹੀਂ ਹੋਵੇਗਾ ਸਗੋਂ ਮਹਿਕਮੇ ਵਿਚ ਖੇਡ ਕੋਟੇ ਤਹਿਤ ਨਵੀਂ ਭਰਤੀ ਕੀਤੀ ਜਾਵੇਗੀ। ਇਹ ਐਲਾਨ ਪਟਿਆਲਾ ਪੁੱਜੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵਲੋਂ ਕੀਤਾ ਗਿਆ। ਪੀਐੱਸਪੀਸੀਐੱਲ ਵਲੋਂ ਕਰਵਾਏ ਜਾ ਰਹੇ ਪੀਐੱਸਪੀਸੀਐੱਲ ਸਪੋਰਟਸ ਕੰਪਲੈਕਸ ਵਿਖੇ 46ਵੀਂ ਏਆਈਈਐਸਸੀਬੀ ਰੱਸਾਕਸ਼ੀ ਟੂਰਨਾਮੈਂਟ ਵਿਚ ਪੁੱਜੇ ਬਿਜਲੀ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਖੇਡਾਂ ਦੇ ਜਜ਼ਬੇ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਤਹਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਜਲਦੀ ਹੀ ਖੇਡ ਕੋਟੇ ਤਹਿਤ ਨਵੀਂਆਂ ਭਰਤੀਆਂ ਸ਼ੁਰੂ ਕਰੇਗਾ। ਇਸ ਪਹਿਲਕਦਮੀ ਦਾ ਮਕਸਦ ਖਿਡਾਰੀਆਂ ਨੂੰ ਉਤਸ਼ਾਹਿਤ ਕਰਨਾ ਅਤੇ ਸੰਸਥਾ ਵਿੱਚ ਇੱਕ ਖੇਡ ਸੱਭਿਆਚਾਰ ਨੂੰ ਵਧਾਉਣਾ ਹੈ।
ਬਿਜਲੀ ਮੰਤਰੀ ਨੇ ਕਿਹਾ ਕਿ ਪੀਐੱਸਈਬੀ ਤਹਿਤ 1973 ਵਿਚ ਖੇਡ ਵਿੰਗ ਬਣਿਆ ਸੀ, 2017 ਵਿਚ ਵਿੰਗ ਭੰਗ ਕਰ ਦਿੱਤਾ ਗਿਆ ਸੀ, ਜਿਸਤੋਂ ਬਾਅਦ 2022 ਵਿਚ ਖੇਡ ਵਿੰਗ ਨੂੰ ਮੁੜ ਬਹਾਲ ਕੀਤਾ ਗਿਆ। ਪੀਐੱਸਪੀਸੀਐੱਲ ਦੇ ਖਿਡਾਰੀਆਂ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਮੱਲਾਂ ਮਾਰੀਆਂ ਹਨ। ਬਨੂੜ ਤੇ ਲਾਲੜੂ ਡਵੀਜਨਾਂ ਦੇ ਨਿੱਜੀਕਰਨ ਦਾ ਖਰੜਾ ਤਿਆਰ ਕਰਨ ਤੇ ਮੁਲਾਜਮਾਂ ਵਿਚੋਂ ਇਸਦਾ ਵਿਰੋਧ ਕਰਨ ਦੇ ਸਵਾਲ ’ਤੇ ਬਿਜਲੀ ਮੰਤਰੀ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੈ ਤੇ ਨਾ ਹੀ ਅਜਿਹਾ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਮਹਿਕਮੇ ਕੋਲ ਆਪਣੇ ਸੀਐੱਚਬੀ ਕਾਮੇ ਹਨ, ਕੁਝ ਪ੍ਰਾਈਵੇਟ ਵਿਅਕਤੀਆਂ ਤੋਂ ਲਾਈਨਾਂ ਪਾਉਣ ਦਾ ਕੰਮ ਲਿਆ ਜਾਂਦਾ ਹੈ ਅਤੇ ਕਈ ਵਾਰ ਮੁਰੰਮਤ ਦੇ ਕੰਮ ਵਿਚ ਦੇਰੀ ਹੋ ਜਾਂਦੀ ਹੈ, ਇਸ ਵਿਚ ਸੁਧਾਰ ਕੀਤਾ ਜਾ ਰਿਹਾ ਹੈ। ਗੋਇੰਦਵਾਲ ਸਾਹਿਬ ਪਾਵਰ ਪਲਾਂਟ ਦੇ ਕੱਚੇ ਮੁਲਾਜਮਾਂ ਦੇ ਠੇਕੇ ਦੀ ਮਿਆਦ ਮੁੜ ਨਾ ਵਧਾਉਣ ’ਤੇ ਮੁਲਾਜਮਾਂ ਵਲੋਂ ਕੀਤੇ ਜਾ ਰਹੇ ਵਿਰੋਧ ਦੇ ਜਵਾਬ ਵਿਚ ਬਿਜਲੀ ਮੰਤਰੀ ਨੇ ਕਿਹਾ ਕਿ ਪਲਾਂਟ ਪੰਜਾਬ ਸਰਕਾਰ ਨੇ ਖ੍ਰੀਦਿਆ ਹੈ ਅਤੇ ਮੁਲਾਜਮਾਂ ਦਾ ਮਸਲਾ ਜਲਦ ਹੱਲ ਕੀਤਾ ਜਾਵੇਗਾ।
There Will Be No Privatization Of Divisions In Pspcl New Recruitment Will Start Soon In Sports Quota Power Minister
