April 19, 2025

Punjab Speaks Team / Panjab
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਦਿੜ੍ਹਬਾ ਪੁਲਿਸ ਵੱਲੋਂ ਐਸਪੀਡੀ ਸੰਗਰੂਰ ਦਵਿੰਦਰ ਅਤਰੀ ਦੀ ਅਗਵਾਹੀ ਹੇਠ ਕਈ ਥਾਵਾਂ 'ਤੇ ਸਰਚ ਆਪਰੇਸ਼ਨ ਕੀਤਾ ਗਿਆ। ਦਿੜ੍ਹਬਾ ਦੀ ਸੈਂਸੀ ਬਸਤੀ ਅੰਦਰ ਜੋ ਨਸ਼ਾ ਵੇਚਣ ਵਾਲੇ ਲਿਸਟ ਵਿੱਚ ਆਏ ਵਿਅਕਤੀਆਂ ਦੇ ਘਰ ਪੁਲਿਸ ਨੇ ਛਾਪਾ ਮਾਰ ਕੇ ਉਹਨਾਂ ਦੇ ਬੈੱਡ, ਅਲਮਾਰੀਆਂ ਅਤੇ ਹੋਰਨਾਂ ਸਮਾਨਾਂ ਦੀ ਫਰੋਲਾ ਫਰਾਲੀ ਕੀਤੀ। ਇਸ ਤੋਂ ਇਲਾਵਾ ਦਿੜ੍ਹਬਾ ਦਾ ਬੱਸ ਸਟੈਂਡ ਜੋ ਕਿ ਕਥਿਤ ਤੌਰ 'ਤੇ ਨਸ਼ੇੜੀਆਂ ਦਾ ਅੱਡਿਆ ਬਣ ਚੁੱਕਿਆ ਹੈ, ਉਸ ਥਾਂ 'ਤੇ ਪੁਲਿਸ ਨੇ ਜਾਂਚ ਕੀਤੀ।
ਐਸਪੀਡੀ ਦਵਿੰਦਰ ਅਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਦੀਆਂ ਵਿਸ਼ੇਸ਼ ਹਦਾਇਤਾਂ ਦੇ ਤਹਿਤ ਅਤੇ ਐਸਐਸਪੀ ਸੰਗਰੂਰ ਸਰਤਾਜ ਸਿੰਘ ਚਹਿਲ ਦੀ ਰੇਖ ਦੇਖ ਹੇਠ ਦਿੜ੍ਹਬਾ ਅੰਦਰ ਨਸ਼ਾ ਵੇਚਣ ਵਾਲੇ ਲੋਕਾਂ ਦੇ ਘਰ ਤਲਾਸ਼ੀ ਲਈ ਗਈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਪੰਜਾਬ ਵਿੱਚੋਂ ਨਸ਼ਾ ਵੇਚਣ ਵਾਲਿਆਂ ਦਾ ਸਫਾਇਆ ਕਰਨ ਲਈ ਪੁਲਿਸ ਹਰ ਸਮੇਂ ਮੁਸਤੈਦੀ ਵਿਖਾ ਰਹੀ ਹੈ। ਉਹਨਾਂ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਾਂ ਤਾਂ ਉਹ ਨਸ਼ਾ ਵੇਚਣ ਦਾ ਧੰਦਾ ਬੰਦ ਕਰ ਦੇਣ ਜਾਂ ਫਿਰ ਪੰਜਾਬ ਛੱਡ ਕੇ ਕਿਤੇ ਹੋਰ ਚਲੇ ਜਾਣ। ਉਹਨਾਂ ਨੂੰ ਹੁਣ ਪੰਜਾਬ ਅੰਦਰ ਨਸ਼ੇ ਵੇਚਣ ਦਾ ਧੰਦਾ ਨਹੀਂ ਕਰਨ ਦਿੱਤਾ ਜਾਵੇਗਾ।
Police Search Operation In Dirba Search Led By Spd Davinder Attri
