March 14, 2025

Punjab Speaks Team / Panjab
ਅੱਜ ਹੋਲੇ ਮਹੱਲੇ ਦੇ ਦੂਸਰੇ ਦਿਨ ਵੱਡੀ ਤਾਦਾਦ ਵਿਚ ਸੰਗਤਾਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਮੇਤ ਹੋਰ ਗੁਰੂ ਘਰਾਂ ਵਿਚ ਮੱਥਾ ਟੇਕਿਆ ਤੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਆਈਆਂ ਸੰਗਤਾਂ ਨੇ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ ਦੇ ਅਕਾਸ਼ ਗੰਜਾਊ ਨਾਅਰਿਆਂ ਨਾਲ ਸਮੁੱਚੇ ਇਲਾਕੇ ਦਾ ਮਾਹੌਲ ਪਵਿੱਤਰ ਬਣਾ ਦਿਤਾ। ਹਰ ਪਾਸੇ ਖ਼ਾਲਸਾ ਜੀ ਦੇ ਖੁੱਲੇ ਦਰਸ਼ਨ ਦੀਦਾਰੇ ਹੋ ਰਹੇ ਹਨ। ਨੀਲੇ ਤੇ ਕੇਸਰੀ ਰੰਗ ਦੀਆਂ ਦਸਤਾਰਾਂ ਦਾ ਹੜ੍ਹ ਆ ਗਿਆ। ਛੋਟੇ ਛੋਟੇ ਬੱਚੇ, ਨੌਜਵਾਨ, ਬਜੁਰਗ ਤੇ ਬੀਬੀਆਂ ਸ਼ਸ਼ਤਰਾਂ ਬਸਤਰਾਂ ਨਾਲ ਤਿਆਰ ਬਰ ਤਿਆਰ ਹੋ ਕੇ ਪੁਰਾਤਨ ਸਮੇ ਦੀ ਯਾਦ ਤਾਜ਼ਾ ਕਰਵਾ ਰਹੇ ਹਨ।
ਸਵੇਰ ਵੇਲੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸੰਗਤਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਹੈਡ ਗ੍ਰੰਥੀ ਗਿ. ਜੋਗਿੰਦਰ ਸਿੰਘ, ਐਗਜੈਕਟਿਵ ਕਮੇਟੀ ਮੈਬਰ ਦਲਜੀਤ ਸਿੰਘ ਭਿੰਡਰ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਹੋਲੇ ਮਹੱਲੇ ਦੇ ਪਾਵਨ ਇਤਹਾਸ ਤੋਂ ਸੰਗਤਾਂ ਨੂੰ ਜਾਣੂੰ ਕਰਵਾਇਆ। ਉਨ੍ਹਾਂ ਸਮੁੱਚੇ ਖਾਲਸਾ ਪੰਥ ਨੂੰ ਅਪੀਲ ਕੀਤੀ ਕਿ ਕੇਵਲ ਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਆਪਣਾ ਗੁਰੂ ਮੰਨਿਆ ਜਾਵੇ। ਕਿਸੇ ਦੇਹਧਾਰੀ ਜਾਂ ਪਖੰਡੀਆਂ ਮਗਰ ਲਗ ਕੇ ਸਿੱਖੀ ਸਿਧਾਤਾਂ ਨੂੰ ਤਿਲਾਂਜਲੀ ਨਾ ਦਿਤੀ ਜਾਵੇ। ਉਨ੍ਹਾਂ ਕਿਹਾ ਕਿ ਇਸੇ ਪਾਵਨ ਅਸਥਾਨ ਤੇ ਗੁਰੂ ਸਾਹਿਬ ਨੇ ਪੰਜਾਂ ਪਿਆਰਿਆਂ ਦੀ ਸਾਜਨਾ ਕੀਤੀ ਤੇ ਸਮੁੱਚੇ ਸਿੱਖਾਂ ਨੂੰ ਅਮ੍ਰਿੰਤਧਾਰੀ ਹੋਣ ਦਾ ਹੁਕਮ ਕੀਤਾ। ਉਨਾਂ ਕੌਮ ਵਿਚ ਫੈਲ ਰਹੇ ਪਤਿਤਪੁਣੇ, ਨਸ਼ਿਆਂ ਤੇ ਹੋਰ ਅਲਾਮਤਾਂ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਹਰੇਕ ਸਿੱਖ ਨੂੰ ਪ੍ਰਚਾਰਕ ਬਨਣ ਦਾ ਹੋਕਾ ਦਿਤਾ ਤਾਂ ਕਿ ਕੌਮ ਦੀ ਚੜ੍ਹਦੀ ਕਲਾ ਹੋ ਸਕੇ।
On The Second Day Of Holi Mohalla Lakhs Of Devotees Paid Obeisance At Gurudwaras A Flood Of Blue And Saffron Turbans Arrived
