February 12, 2025

Daily Gianwan Bureau / Panjab
ਸੋਮਵਾਰ ਦੇਰ ਰਾਤ ਮਾਛੀਵਾੜਾ ਨੇੜੇ ਸਰਹਿੰਦ ਨਹਿਰ ’ਚ ਮਜ਼ਦੂਰਾਂ ਨਾਲ ਭਰੀ ਸਕਾਰਪਿਉ ਪਲਟ ਗਈ, ਜਿਸ ’ਚ ਡੁੱਬਣ ਕਾਰਨ ਇੱਕ ਵਿਅਕਤੀ ਕੁਲਵਿੰਦਰ ਸਿੰਘ ਵਾਸੀ ਪਿੰਡ ਆਲੀਕੇ ਜ਼ਿਲਾ ਬਠਿੰਡਾ ਦੀ ਮੌਤ ਹੋ ਗਈ ਜਦਕਿ ਡਰਾਈਵਰ ਗੁਰਲਾਲ ਸਿੰਘ, ਪੁਸ਼ਪਿੰਦਰ ਸਿੰਘ, ਬਲਕਾਰ ਸਿੰਘ, ਬਲਕਾਰ ਸਿੰਘ, ਜਸਵਿੰਦਰ ਸਿੰਘ ਜਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਪਿੰਡ ਆਲੀਕੇ ਦੇ ਸਾਰੇ ਵਾਸੀ ਖੇਤਾਂ ਵਿਚ ਪਾਈਪਾਂ ਪਾਉਣ ਦਾ ਕੰਮ ਕਰਦੇ ਹਨ ਜੋ ਕਿ ਬਠਿੰਡਾ ਤੋਂ ਰੋਪਡ਼ ਵੱਲ ਜਾ ਰਹੇ ਸਨ ਕਿ ਸੋਮਵਾਰ ਰਾਤ ਕਰੀਬ 10 ਵਜੇ ਸਰਹਿੰਦ ਨਹਿਰ ਦੇ ਪਵਾਤ ਪੁਲ ਨੇੜੇ ਇਨ੍ਹਾਂ ਦੀ ਸਕਾਰਪਿਉ ਕਾਰ ਸੰਤੁਲਨ ਗੁਆ ਕੇ ਨਹਿਰ ’ਚ ਜਾ ਡਿੱਗੀ। ਗੱਡੀ ਨਹਿਰ ’ਚ ਡਿੱਗਣ ਕਾਰਨ ਇਸ ’ਚ ਸਵਾਰ ਸਾਰੇ ਵਿਅਕਤੀ ਸ਼ੀਸ਼ੇ ਤੋੜ ਕੇ ਬੜੀ ਮੁਸ਼ਕਿਲ ਨਾਲ ਬਾਹਰ ਨਿਕਲਣ ਦਾ ਯਤਨ ਕਰਦੇ ਰਹੇ ਤੇ ਇਨ੍ਹਾਂ ਨੇ ਬਚਾਉਣ ਲਈ ਰੌਲਾ ਪਾਇਆ। ਇਨ੍ਹਾਂ ਦੇ ਬਚਾਅ ਦਾ ਰੌਲਾ ਸੁਣ ਕੇ ਉੱਥੋਂ ਲੰਘ ਰਿਹਾ ਪਿੰਡ ਬਹਿਲੋਲਪੁਰ ਦਾ ਸਾਬਕਾ ਫੌਜੀ ਹਰਜਿੰਦਰ ਸਿੰਘ ਖੜ੍ਹ ਗਿਆ ਜਿਸ ਨੇ ਨਹਿਰ ’ਚ ਡਿੱਗੇ ਮਜ਼ਦੂਰਾਂ ਨੂੰ ਬਚਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ।
ਘਟਨਾ ਸਬੰਧੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਤੇ ਚੌਕੀ ਇੰਚਾਰਜ ਸੁਖਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜ ਗਏ ਜਿਨ੍ਹਾਂ ਨੇ ਨਹਿਰ ’ਚ ਡਿੱਗੇ ਮਜ਼ਦੂਰਾਂ ਨੂੰ ਬਾਹਰ ਕੱਢਿਆ। ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿਨ੍ਹਾਂ ’ਚੋਂ ਕੁਲਵਿੰਦਰ ਸਿੰਘ ਜਿਸ ਦੀ ਪਾਣੀ ’ਚ ਡੁੱਬਣ ਕਾਰਨ ਮੌਤ ਹੋ ਚੁੱਕੀ ਸੀ, ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਚੌਕੀ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਵਾਰਿਸਾ ਨੂੰ ਸੌਂਪ ਦਿੱਤਾ ਹੈ ਜਦਕਿ ਜਖ਼ਮੀਆਂ ’ਚ ਇੱਕ ਵਿਅਕਤੀ ਪੁਸ਼ਪਿੰਦਰ ਸਿੰਘ ਇਲਾਜ ਅਧੀਨ ਹੈ ਤੇ ਬਾਕੀ ਵਿਅਕਤੀਆਂ ਦੇ ਮਾਮੂਲੀ ਸੱਟਾਂ ਲੱਗੀਆਂ।
Scorpio Fell In Ludhiana Canal One Dead Five Injured
