June 24, 2026
Punjab Speaks Team / Punjab
ਕੋਲਕਾਤਾ 24 ਜੂਨ 2026: ਮਹਾਨਗਰ ਦੇ ਤਾਰਾਤੱਲਾ ਇਲਾਕੇ ‘ਚ ਬੁੱਧਵਾਰ ਦੁਪਹਿਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ, ਜਿੱਥੇ ਇੱਕ ਨਿਰਮਾਣ ਅਧੀਨ ਗੋਦਾਮ ਦਾ ਸ਼ੈੱਡ ਤਾਸ਼ ਦੇ ਪੱਤਿਆਂ ਵਾਂਗ ਢਹਿ-ਢੇਰੀ ਹੋ ਗਿਆ। ਹਾਦਸੇ ਦੇ ਸਮੇਂ ਉੱਥੇ ਕਰੀਬ 50 ਤੋਂ 60 ਮਜ਼ਦੂਰ ਕੰਮ ਕਰ ਰਹੇ ਸਨ, ਜੋ ਪਲਕ ਝਪਕਦਿਆਂ ਹੀ ਮਲਬੇ ਦੇ ਵੱਡੇ ਢੇਰ ਹੇਠਾਂ ਫਸ ਗਏ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਥਾਨਕ ਪ੍ਰਸ਼ਾਸਨ ਦੇ ਨਾਲ-ਨਾਲ ਭਾਰਤੀ ਫ਼ੌਜ ਨੂੰ ਵੀ ਬਚਾਅ ਕਾਰਜਾਂ ਲਈ ਮੈਦਾਨ ‘ਚ ਉਤਾਰਿਆ ਗਿਆ ਹੈ। ਚਸ਼ਮਦੀਦਾਂ ਮੁਤਾਬਕ, ਗੋਦਾਮ ‘ਚ ਨਿਰਮਾਣ ਕਾਰਜ ਚੱਲ ਰਿਹਾ ਸੀ, ਜਦੋਂ ਅਚਾਨਕ ਪੂਰਾ ਢਾਂਚਾ ਹੇਠਾਂ ਆ ਡਿੱਗਿਆ।
ਰਾਹਤ ਅਤੇ ਬਚਾਅ ਮੁਹਿੰਮ ਜਾਰੀ
ਚੀਕ ਚਿਹਾਰਾ ਸੁਣ ਕੇ ਦੌੜੇ ਸਥਾਨਕ ਲੋਕਾਂ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕੀਤੇ। ਸੂਚਨਾ ਮਿਲਦਿਆਂ ਹੀ ਪੁਲਿਸ, ਫਾਇਰ ਬ੍ਰਿਗੇਡ ਅਤੇ ਆਫ਼ਤ ਪ੍ਰਬੰਧਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਮਲਬੇ ‘ਚੋਂ ਹੁਣ ਤੱਕ 6-7 ਮਜ਼ਦੂਰਾਂ ਨੂੰ ਕੱਢ ਕੇ ਹਸਪਤਾਲ ਪਹੁੰਚਾਇਆ ਜਾ ਚੁੱਕਾ ਹੈ, ਜਿਨ੍ਹਾਂ ‘ਚੋਂ ਕੁਝ ਦੀ ਹਾਲਤ ਬੇਹੱਦ ਨਾਜ਼ੁਕ ਹੈ। ਲੋਹੇ ਦੇ ਭਾਰੀ ਬੀਮ ਕੱਟਣ ਲਈ ਗੈਸ ਕਟਰ ਅਤੇ ਮਲਬਾ ਹਟਾਉਣ ਲਈ ਕ੍ਰੇਨਾਂ ਦੀ ਮਦਦ ਲਈ ਜਾ ਰਹੀ ਹੈ।
ਮਲਬੇ ਦੇ ਹੇਠਾਂ ਅਜੇ ਵੀ ਕਈ ਮਜ਼ਦੂਰ ਫਸੇ
ਮਿਲੀ ਜਾਣਕਾਰੀ ਅਨੁਸਾਰ ਮਲਬੇ ਦੇ ਹੇਠਾਂ ਦੱਬੇ ਹੋਏ ਮਜ਼ਦੂਰਾਂ ਦੀਆਂ ਦਰਦਨਾਕ ਚੀਕਾਂ ਅਜੇ ਵੀ ਸੁਣਾਈ ਦੇ ਰਹੀਆਂ ਹਨ, ਜਿਸ ਨਾਲ ਆਪਣਿਆਂ ਦੀ ਭਾਲ ‘ਚ ਜੁਟੇ ਲੋਕਾਂ ਦੇ ਕਾਲਜੇ ਕੰਬ ਰਹੇ ਹਨ।
ਰਾਜ ਸਰਕਾਰ ਨੇ ‘ਨਬਾਨਾਂ’ ‘ਚ ਖੋਲ੍ਹਿਆ ਕੰਟਰੋਲ ਰੂਮ
ਰਾਜ ਸਰਕਾਰ ਨੇ ਸਥਿਤੀ ‘ਤੇ ਨਜ਼ਰ ਰੱਖਣ ਲਈ ਮੁੱਖ ਦਫ਼ਤਰ ‘ਨਬਾਨਾਂ’ ‘ਚ ਇੱਕ ਕੰਟਰੋਲ ਰੂਮ ਸਥਾਪਿਤ ਕਰ ਦਿੱਤਾ ਹੈ, ਜਿਸ ਦੇ ਨੰਬਰ 1070, 8697981070, 033-22143526/22535185 ਹਨ। ਇਸ ਤੋਂ ਇਲਾਵਾ ਮੌਕੇ ‘ਤੇ ਪਹੁੰਚੇ ਰਾਜ ਦੇ ਮੰਤਰੀ ਇੰਦਰਨੀਲ ਖਾਂ ਅਤੇ ਭਾਜਪਾ ਆਗੂ ਰਾਕੇਸ਼ ਸਿੰਘ ਨੇ ਕਿਹਾ ਕਿ ਇਸ ਸਮੇਂ ਸਭ ਤੋਂ ਪਹਿਲੀ ਤਰਜੀਹ ਲੋਕਾਂ ਦੀਆਂ ਜਾਨਾਂ ਬਚਾਉਣਾ ਹੈ। ਦੂਜੇ ਪਾਸੇ, ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਹੋਈ ਭਾਰੀ ਬਾਰਸ਼ ਕਾਰਨ ਨਿਰਮਾਣ ਅਧੀਨ ਢਾਂਚਾ ਕਮਜ਼ੋਰ ਹੋ ਗਿਆ ਸੀ, ਹਾਲਾਂਕਿ ਸੁਰੱਖਿਆ ਮਾਪਦੰਡਾਂ ‘ਚ ਲਾਪਰਵਾਹੀ ਨੂੰ ਲੈ ਕੇ ਵੀ ਗੰਭੀਰ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।
Kolkata Accident 60 Workers Buried After Under construction Warehouse Shed Collapses Army Deployed For Relief Work