June 15, 2026
Punjab Speaks Team / Punjab
ਬ੍ਰਿਸਬੇਨ 15 ਜੂਨ 2026 : ਵਿਸ਼ਵ ਭਰ ਵਿੱਚ ਪੰਜਾਬੀ ਭਾਈਚਾਰੇ ਦੀ ਖੇਡ ਅਤੇ ਸੱਭਿਆਚਾਰਕ ਪਛਾਣ ਵਜੋਂ ਸਥਾਪਿਤ ਆਸਟ੍ਰੇਲੀਆਈ ਸਿੱਖ ਖੇਡਾਂ ਦੀ ਕੌਮੀ ਕਮੇਟੀ ਦਾ ਸਾਲਾਨਾ ਜਨਰਲ ਇਜਲਾਸ ਸਿਡਨੀ ਵਿਖੇ ਵੱਖ-ਵੱਖ ਰਾਜਾਂ ਦੀਆਂ ਖੇਡ ਕਲੱਬਾਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਸੰਪੰਨ ਹੋਇਆ। ਇਜਲਾਸ ਦੌਰਾਨ ਪਿਛਲੇ ਸਾਲ ਦੀਆਂ ਗਤੀਵਿਧੀਆਂ ਅਤੇ ਵਿੱਤੀ ਲੇਖਾ-ਜੋਖਾ ਪੇਸ਼ ਕੀਤੇ ਜਾਣ ਉਪਰੰਤ ਸਾਲ 2026-27 ਲਈ ਨਵੀਂ ਕੌਮੀ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ।
ਚੋਣ ਨਤੀਜਿਆਂ ਅਨੁਸਾਰ ਦਲਜੀਤ ਸਿੰਘ (ਹੈਪੀ ਧਾਮੀ) ਨੂੰ ਪ੍ਰਧਾਨ, ਗੁਰਪ੍ਰੀਤ ਸ਼ੋਕਰ ਨੂੰ ਮੀਤ ਪ੍ਰਧਾਨ, ਜਗਦੀਪ ਸਿੰਘ ਭਿੰਡਰ ਨੂੰ ਖਜ਼ਾਨਚੀ ਅਤੇ ਜਸਦੇਵ ਬੱਲ ਨੂੰ ਸਕੱਤਰ ਚੁਣਿਆ ਗਿਆ। ਖੇਡ ਵਿੰਗ ਲਈ ਹਰਪ੍ਰੀਤ ਸਿੰਘ ਨੂੰ ਪ੍ਰਤੀਨਿਧ ਅਤੇ ਨਰਿੰਦਰ ਸਿੰਘ ਨੂੰ ਸਹਾਇਕ ਮੈਂਬਰ, ਸੱਭਿਆਚਾਰਕ ਵਿੰਗ ਲਈ ਅਮਰਜੋਤ ਗੋਰਾਇਆ ਨੂੰ ਪ੍ਰਤੀਨਿਧ ਅਤੇ ਹਰਪਾਲ ਕੌਰ ਸੰਧੂ ਨੂੰ ਸਹਾਇਕ ਮੈਂਬਰ, ਜਦਕਿ ਮਹਿਲਾ ਵਿੰਗ ਲਈ ਜੈਸਿਕਾ ਨੂੰ ਪ੍ਰਤੀਨਿਧ ਅਤੇ ਸਤਵਿੰਦਰ ਕੌਰ ਨੂੰ ਸਹਾਇਕ ਮੈਂਬਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਪਰਥ ਕਮੇਟੀ ਦੇ ਹੈਰੀ ਗਿੱਲ ਨੂੰ ਵੀ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜੋ ਪਰਥ ਦੀ ਸਥਾਨਕ ਆਯੋਜਕ ਕਮੇਟੀ ਨਾਲ ਤਾਲਮੇਲ ਦੀ ਭੂਮਿਕਾ ਨਿਭਾਉਣਗੇ।
ਨਵੀਂ ਚੁਣੀ ਕਮੇਟੀ ਦੇ ਅਹੁਦੇਦਾਰਾਂ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਆਸਟ੍ਰੇਲੀਆਈ ਸਿੱਖ ਖੇਡਾਂ ਸਿਰਫ਼ ਖੇਡ ਮੁਕਾਬਲਿਆਂ ਦਾ ਮੰਚ ਨਹੀਂ, ਸਗੋਂ ਪੰਜਾਬੀ ਸੱਭਿਆਚਾਰ, ਵਿਰਸੇ ਅਤੇ ਭਾਈਚਾਰਕ ਏਕਤਾ ਨੂੰ ਵਿਸ਼ਵ ਪੱਧਰ ’ਤੇ ਪ੍ਰਫੁੱਲਤ ਕਰਨ ਦਾ ਮਹੱਤਵਪੂਰਨ ਸਾਧਨ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਜਨਮੀ ਅਤੇ ਪਲੀ-ਬੜ੍ਹੀ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ, ਸੱਭਿਆਚਾਰ ਅਤੇ ਪਰੰਪਰਾਵਾਂ ਨਾਲ ਜੋੜਨ ਵਿੱਚ ਇਨ੍ਹਾਂ ਖੇਡਾਂ ਦੀ ਅਹਿਮ ਭੂਮਿਕਾ ਹੈ।
ਦਲਜੀਤ ਸਿੰਘ ਨੇ ਕਿਹਾ ਕਿ ਉਹ ਸਾਲ 1993 ਤੋਂ ਇੱਕ ਖਿਡਾਰੀ ਵਜੋਂ ਆਸਟ੍ਰੇਲੀਆਈ ਸਿੱਖ ਖੇਡਾਂ ਨਾਲ ਜੁੜੇ ਹੋਏ ਹਨ ਅਤੇ ਹੁਣ ਪ੍ਰਧਾਨ ਵਜੋਂ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਪਾਰਦਰਸ਼ਤਾ ਅਤੇ ਟੀਮ ਭਾਵਨਾ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਕੌਮੀ ਕਮੇਟੀ ਸਾਰੇ ਖੇਡ ਕਲੱਬਾਂ ਅਤੇ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਖੇਡਾਂ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ, ਨੌਜਵਾਨਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹੈ।
ਉਨ੍ਹਾਂ ਦੱਸਿਆ ਕਿ ਅਗਲੀਆਂ ਆਸਟ੍ਰੇਲੀਆਈ ਸਿੱਖ ਖੇਡਾਂ ਪਰਥ ਵਿਖੇ ਆਯੋਜਿਤ ਕੀਤੀਆਂ ਜਾਣਗੀਆਂ। ਇਸ ਸਬੰਧੀ ਕੌਮੀ ਕਮੇਟੀ ਪਰਥ ਦੀ ਸਥਾਨਕ ਆਯੋਜਕ ਕਮੇਟੀ ਨਾਲ ਮਿਲ ਕੇ ਖੇਡਾਂ ਦੇ ਸਫਲ ਅਤੇ ਸੁਚਾਰੂ ਆਯੋਜਨ ਲਈ ਹਰ ਸੰਭਵ ਸਹਿਯੋਗ ਪ੍ਰਦਾਨ ਕਰੇਗੀ।
ਇਸ ਮੌਕੇ ਆਸਟ੍ਰੇਲੀਆਈ ਸਿੱਖ ਖੇਡਾਂ ਦੇ ਸਾਬਕਾ ਪ੍ਰਧਾਨ ਸਰਬਜੋਤ ਸਿੰਘ ਢਿੱਲੋਂ ਨੇ ਨਵੀਂ ਚੁਣੀ ਕਮੇਟੀ ਨੂੰ ਵਧਾਈ ਦਿੰਦਿਆਂ ਭਰੋਸਾ ਦਿਵਾਇਆ ਕਿ ਉਹ ਭਵਿੱਖ ਵਿੱਚ ਵੀ ਖੇਡਾਂ ਦੀ ਬਿਹਤਰੀ ਅਤੇ ਸਫਲ ਆਯੋਜਨ ਲਈ ਆਪਣਾ ਪੂਰਾ ਸਹਿਯੋਗ ਦੇਣਗੇ।
New National Committee Of Australian Sikh Sports Unanimously Elected Daljit Singh Becomes President