June 15, 2026
Punjab Speaks Team / Punjab
ਨਵੀਂ ਦਿੱਲੀ 15 ਜੂਨ 2026 : ਅਮਰੀਕਾ ਅਤੇ ਈਰਾਨ ਵਿਚਾਲੇ ਸਮਝੌਤਾ ਹੋ ਗਿਆ ਹੈ ਅਤੇ ਸ਼ੁੱਕਰਵਾਰ ਨੂੰ ਸਵਿਟਜ਼ਰਲੈਂਡ ਵਿੱਚ ਇਸ ਡੀਲ ’ਤੇ ਦਸਤਖਤ ਕੀਤੇ ਜਾਣਗੇ। ਇਸ ਵਿੱਚ ‘ਸਟਰੇਟ ਆਫ਼ ਹੋਰਮੁਜ਼’ ਨੂੰ ਦੁਬਾਰਾ ਖੋਲ੍ਹਣ ਅਤੇ ਵਪਾਰ ਫਿਰ ਤੋਂ ਸ਼ੁਰੂ ਕਰਨ ਦਾ ਐਲਾਨ ਵੀ ਸ਼ਾਮਲ ਹੈ।
ਹੋਰਮੁਜ਼ ਤੋਂ ਸ਼ਿਪਿੰਗ ਫਿਰ ਤੋਂ ਸ਼ੁਰੂ ਹੋਣ ਜਾਂ ਆਮ ਹੋਣ ਨਾਲ ਭਾਰਤ ਨੂੰ ਵੱਡੀ ਰਾਹਤ ਮਿਲੇਗੀ। ਭਾਰਤ ਦੁਨੀਆ ਦੇ ਸਭ ਤੋਂ ਵੱਡੇ ਕੱਚੇ ਤੇਲ ਦੇ ਆਯਾਤਕਾਂ ਵਿੱਚੋਂ ਇੱਕ ਹੈ। ਅਜਿਹੇ ਵਿੱਚ ਤੇਲ ਦੀ ਸਪਲਾਈ ਨੂੰ ਲੈ ਕੇ ਚਿੰਤਾ ਘੱਟ ਹੋਣ, ਮਾਲ ਦੀ ਢੋਆ-ਢੁਆਈ ਦਾ ਖਰਚਾ ਘਟਣ ਅਤੇ ਮਹਿੰਗਾਈ ਦਾ ਦਬਾਅ ਘਟਣ ਨਾਲ ਭਾਰਤ ਨੂੰ ਵੱਡਾ ਫਾਇਦਾ ਹੋਵੇਗਾ।
ਕਿਉਂ ਅਹਿਮ ਹੈ ਹੋਰਮੁਜ਼ ਸਟਰੇਟ
ਈਰਾਨ ਅਤੇ ਓਮਾਨ ਦੇ ਵਿਚਕਾਰਲੇ ਇਸ ਤੰਗ ਸਮੁੰਦਰੀ ਰਸਤੇ ਰਾਹੀਂ ਦੁਨੀਆ ਭਰ ਵਿੱਚ ਵਰਤੇ ਜਾਣ ਵਾਲੇ ਤੇਲ ਦਾ ਲਗਪਗ ਪੰਜਵਾਂ ਹਿੱਸਾ ਸਪਲਾਈ ਹੁੰਦਾ ਹੈ। ਇਹ ਖਾੜੀ ਦੇ ਪ੍ਰਮੁੱਖ ਉਤਪਾਦਕ ਦੇਸ਼ਾਂ ਜਿਵੇਂ ਕਿ ਸਾਊਦੀ ਅਰਬ, ਇਰਾਕ, ਕੁਵੈਤ, ਸੰਯੁਕਤ ਅਰਬ ਅਮੀਰਾਤ ਅਤੇ ਕਤਰ ਲਈ ਨਿਰਯਾਤ ਦਾ ਮੁੱਖ ਰਸਤਾ ਹੈ। ਇਹ ਸਾਰੇ ਦੇਸ਼ ਭਾਰਤ ਨੂੰ ਊਰਜਾ ਦੀ ਸਪਲਾਈ ਕਰਨ ਵਾਲੇ ਅਹਿਮ ਦੇਸ਼ ਹਨ।
ਫਰਵਰੀ ਦੇ ਅਖੀਰ ਵਿੱਚ ਅਮਰੀਕਾ-ਈਰਾਨ ਵਿਚਾਲੇ ਜੰਗ ਦੇ ਕਾਰਨ ਇਸ ਸਟਰੇਟ ਤੋਂ ਕੱਚੇ ਤੇਲ ਅਤੇ ਕੁਦਰਤੀ ਗੈਸ ਦੀ ਸਪਲਾਈ ਵਿੱਚ ਰੁਕਾਵਟ ਆਈ ਸੀ। ਇੰਡਸਟਰੀ ਨਾਲ ਜੁੜੇ ਸੂਤਰਾਂ ਅਤੇ ਮਾਹਰਾਂ ਦਾ ਕਹਿਣਾ ਹੈ ਕਿ ਇਸ ਰਸਤੇ ਦੇ ਦੁਬਾਰਾ ਖੁੱਲ੍ਹਣ ਅਤੇ ਤਣਾਅ ਘੱਟ ਹੋਣ ਨਾਲ ਗਲੋਬਲ ਐਨਰਜੀ ਮਾਰਕੀਟ ਵਿੱਚ ਸਥਿਰਤਾ ਆਉਣ ਅਤੇ ਭਾਰਤ ਵਰਗੇ ਐਨਰਜੀ ਇੰਪੋਰਟ ਕਰਨ ਵਾਲੇ ਦੇਸ਼ਾਂ ਲਈ ਹਾਲਾਤ ਬਿਹਤਰ ਹੋਣ ਦੀ ਸੰਭਾਵਨਾ ਹੈ।
ਤੇਲ ਦੀਆਂ ਕੀਮਤਾਂ ‘ਚ ਆਈ ਗਿਰਾਵਟ
ਅਮਰੀਕੀ ਰਾਸ਼ਟਰਪਤੀ ਟਰੰਪ ਦੇ ਐਲਾਨ ਤੋਂ ਬਾਅਦ ਐਤਵਾਰ ਨੂੰ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲੀ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਈਰਾਨ ਨਾਲ ਜੰਗਬੰਦੀ ਦਾ ਸਮਝੌਤਾ ਕਰ ਲਿਆ ਹੈ ਅਤੇ ਹੋਰਮੁਜ਼ ਸਟਰੇਟ ਤੋਂ ਜਹਾਜ਼ਾਂ ਦੀ ਟੋਲ-ਫ੍ਰੀ ਆਵਾਜਾਈ ਹੋ ਸਕੇਗੀ।
ਡੋਨਾਲਡ ਟਰੰਪ ਨੇ ਪੋਸਟ ਕੀਤਾ, “ਮੀਂ ਇਸ ਦੇ ਜ਼ਰੀਏ ਹੋਰਮੁਜ਼ ਸਟਰੇਟ ਨੂੰ ਬਿਨਾਂ ਕਿਸੇ ਰੋਕ-ਟੋਕ ਦੇ ਖੋਲ੍ਹਣ ਦੀ ਪੂਰੀ ਮਨਜ਼ੂਰੀ ਦਿੰਦਾ ਹਾਂ ਅਤੇ ਨਾਲ ਹੀ ਅਮਰੀਕੀ ਨੌਸੈਨਾ ਦੀ ਨਾਕਾਬੰਦੀ ਨੂੰ ਤੁਰੰਤ ਹਟਾਉਣ ਦਾ ਵੀ ਹੁਕਮ ਦਿੰਦਾ ਹਾਂ। ਦੁਨੀਆ ਭਰ ਦੇ ਜਹਾਜ਼ੋ ਆਪਣੇ ਇੰਜਣ ਚਾਲੂ ਕਰੋ। ਤੇਲ ਦਾ ਪ੍ਰਵਾਹ ਸ਼ੁਰੂ ਹੋਣ ਦਿਓ!”
ਜੰਗਬੰਦੀ ਦੀ ਖ਼ਬਰ ਨਾਲ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ। ਤੇਲ ਲਈ ਗਲੋਬਲ ਬੈਂਚਮਾਰਕ ‘ਬਰੈਂਟ ਕਰੂਡ’ ਦੀ ਕੀਮਤ 4 ਫੀਸਦੀ ਡਿੱਗ ਕੇ ਲਗਪਗ 84 ਡਾਲਰ ਪ੍ਰਤੀ ਬੈਰਲ ਹੋ ਗਈ। ਜੰਗ ਦੇ ਕਾਰਨ ਆਈਆਂ ਰੁਕਾਵਟਾਂ ਤੋਂ ਬਾਅਦ ਗਲੋਬਲ ਆਇਲ ਦੀਆਂ ਕੀਮਤਾਂ ਫਰਵਰੀ ਵਿੱਚ 70-72 ਡਾਲਰ ਪ੍ਰਤੀ ਬੈਰਲ ਤੋਂ ਵਧ ਕੇ 119 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈਆਂ ਸਨ।
ਮਈ ਦੇ ਅੱਧ ਤੱਕ ਸਰਕਾਰ ਨੇ ਰਿਟੇਲ ਕੀਮਤਾਂ ‘ਚ ਨਹੀਂ ਕੀਤਾ ਸੀ ਬਦਲਾਅ
ਇਸ ਨਾਲ ਪੈਟਰੋਲ ਅਤੇ ਡੀਜ਼ਲ ਬਣਾਉਣ ਦੀ ਲਾਗਤ ਵਧ ਗਈ ਸੀ ਪਰ ਸਰਕਾਰ ਨੇ ਮਈ ਦੇ ਅੱਧ ਤੱਕ ਰਿਟੇਲ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ। ਸਰਕਾਰ ਨੇ 27 ਮਾਰਚ ਨੂੰ ਪੈਟਰੋਲ ਅਤੇ ਡੀਜ਼ਲ ‘ਤੇ ਐਕਸਾਈਜ਼ ਡਿਊਟੀ ਵਿੱਚ 10 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਸੀ ਤਾਂ ਜੋ ਪੱਛਮੀ ਬੰਗਾਲ ਸਮੇਤ ਪੰਜ ਅਹਿਮ ਰਾਜਾਂ ਵਿੱਚ ਚੋਣਾਂ ਦੌਰਾਨ ਰਿਟੇਲ ਕੀਮਤਾਂ ਵਿੱਚ ਵਾਧੇ ਤੋਂ ਬਚਿਆ ਜਾ ਸਕੇ।
ਵਿਧਾਨ ਸਭਾ ਚੋਣਾਂ ਤੋਂ ਬਾਅਦ ਵਧੇ ਤੇਲ ਦੇ ਦਾਮ
ਵਿਧਾਨ ਸਭਾ ਚੋਣਾਂ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਪ੍ਰਤੀ ਲੀਟਰ ਲਗਪਗ 7.50 ਰੁਪਏ ਦਾ ਵਾਧਾ ਕੀਤਾ ਗਿਆ, ਜਦੋਂ ਕਿ ਸੀਐਨਜੀ (CNG) ਦੇ ਦਾਮ 6 ਰੁਪਏ ਪ੍ਰਤੀ ਕਿਲੋਗ੍ਰਾਮ ਵਧਾਏ ਗਏ। ਐਲਪੀਜੀ (LPG) ਦੀਆਂ ਕੀਮਤਾਂ ਵਿੱਚ ਵੀ ਦੋ ਕਿਸ਼ਤਾਂ ਵਿੱਚ 14.2 ਕਿਲੋਗ੍ਰਾਮ ਵਾਲੇ ਸਿਲੰਡਰ ’ਤੇ 89 ਰੁਪਏ ਦਾ ਵਾਧਾ ਕੀਤਾ ਗਿਆ।
ਕੀਮਤਾਂ ਵਧਣ ਦੇ ਬਾਵਜੂਦ, ਸਰਕਾਰੀ ਤੇਲ ਕੰਪਨੀਆਂ ਨੂੰ ਰੋਜ਼ਾਨਾ ਲਗਭਗ 650 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਕਿਉਂਕਿ ਰਿਟੇਲ ਕੀਮਤਾਂ ਲਾਗਤ ਨਾਲੋਂ ਘੱਟ ਹਨ। ਇੰਡਸਟਰੀ ਦੇ ਸੂਤਰਾਂ ਅਤੇ ਮਾਹਰਾਂ ਦਾ ਕਹਿਣਾ ਹੈ ਕਿ ਤੇਲ ਦੀਆਂ ਕੀਮਤਾਂ ਵਿੱਚ ਨਰਮੀ ਅਤੇ ਸਟਰੇਟ ਦੇ ਫਿਰ ਤੋਂ ਖੁੱਲ੍ਹਣ ਨਾਲ, ਇਹ ਕੀਮਤਾਂ ਹੌਲੀ-ਹੌਲੀ ਘੱਟ ਹੋ ਜਾਣਗੀਆਂ।
Petrol diesel And CNG Prices Expected To Fall What Other Benefits Will India Get From The US Iran Deal