May 27, 2026
Punjab Speaks Team / Punjab
ਮੁਹਾਲੀ 27 ਮਈ 2026:ਮੁਹਾਲੀ ਪ੍ਰਸ਼ਾਸਨ ਨੇ ਟਰੈਵਲ ਏਜੰਟਾਂ ਖਿਲਾਫ਼ ਸ਼ਿਕੰਜਾ ਕੱਸ ਦਿੱਤਾ ਹੈ। ਮੁਹਾਲੀ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਗੀਤਿਕਾ ਸਿੰਘ ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਸ਼ਾਈਨ ਵੀਜ਼ਾ ਕੰਸਲਟੈਂਸੀ, ਸੀਪੀ-67, ਮੁਹਾਲੀ ਦਾ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ।
ਇਹ ਲਾਇਸੈਂਸ ਫਰਮ ਦੇ ਮਾਲਕ ਕਰਨਦੀਪ ਸਿੰਘ ਅਤੇ ਪਾਰਟਨਰ ਬਿਕਰਮਦੀਪ ਸਿੰਘ ਨੂੰ ਮੁਹਾਲੀ ਵਿੱਚ ਵੀਜ਼ਾ ਕੰਸਲਟੈਂਸੀ ਦਾ ਕੰਮ ਕਰਨ ਲਈ 6 ਅਗਸਤ 2024 ਨੂੰ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 5 ਅਗਸਤ 2029 ਤੱਕ ਸੀ।
ਅਧਿਕਾਰੀ ਨੇ ਦੱਸਿਆ ਕਿ ਫਰਮ ਖਿਲਾਫ਼ ਪੁਲਿਸ ਰਿਕਾਰਡ ਵਿੱਚ ਵੱਖ-ਵੱਖ ਮੁਕੱਦਮੇ ਦਰਜ ਹਨ। ਇਸ ਸਬੰਧੀ ਫਰਮ ਨੂੰ ਕਈ ਵਾਰ ਨੋਟਿਸ ਜਾਰੀ ਕਰਕੇ ਸਪੱਸ਼ਟੀਕਰਨ ਅਤੇ ਮਹੀਨਾਵਾਰ ਰਿਪੋਰਟਾਂ ਮੰਗੀਆਂ ਗਈਆਂ ਸਨ, ਪਰ ਫਰਮ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਫਰਮ ਖਿਲਾਫ਼ ਇੱਕ ਸ਼ਿਕਾਇਤ ਵੀ ਪ੍ਰਾਪਤ ਹੋਈ ਹੈ, ਜਿਸ ਦੀ ਜਾਂਚ ਲਈ ਮਾਮਲਾ ਮੁਹਾਲੀ ਦੇ ਐਸਡੀਐਮ ਅਤੇ ਐਸਐਸਪੀ ਨੂੰ ਭੇਜਿਆ ਗਿਆ ਹੈ।
ਸ੍ਰੀਮਤੀ ਗੀਤਿਕਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜੇਕਰ ਕਿਸੇ ਲਾਇਸੈਂਸ ਧਾਰਕ ਖਿਲਾਫ਼ ਅਪਰਾਧਿਕ ਮਾਮਲੇ ਦਰਜ ਹੋ ਜਾਣ ਤਾਂ ਸਮਰੱਥ ਅਥਾਰਟੀ ਨੂੰ ਲਾਇਸੈਂਸ ਰੱਦ ਕਰਨ ਦਾ ਅਧਿਕਾਰ ਹੈ। ਇਸ ਅਧੀਨ ਕਾਰਵਾਈ ਕਰਦਿਆਂ ਫਰਮ ਦਾ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਜੇਕਰ ਫਰਮ ਜਾਂ ਇਸ ਦੇ ਪਾਰਟਨਰਾਂ ਖਿਲਾਫ਼ ਹੋਰ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਸ ਦੀ ਪੂਰੀ ਜ਼ਿੰਮੇਵਾਰੀ ਫਰਮ ਅਤੇ ਇਸ ਦੇ ਪਾਰਟਨਰਾਂ ਦੀ ਹੋਵੇਗੀ।
Mohali Administration Cracks Down On Travel Agents Cancels License Of Shine Visa Consultancy Mohali