May 18, 2026
Punjab Speaks Team / Punjab
ਨਵੀਂ ਦਿੱਲੀ 18 ਮਈ 2026 :ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ 100 ਕਰੋੜ ਰੁਪਏ ਤੋਂ ਵੱਧ ਦੇ ਕਥਿਤ ਬੈਂਕ ਧੋਖਾਧੜੀ ਮਾਮਲੇ ਵਿੱਚ ਆਮ ਆਦਮੀ ਪਾਰਟੀ (AAP) ਦੇ ਆਗੂ ਦੀਪਕ ਸਿੰਗਲਾ ਖ਼ਿਲਾਫ਼ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ। ਈਡੀ ਦੀ ਟੀਮ ਨੇ ਦਿੱਲੀ ਅਤੇ ਗੋਆ ਸਮੇਤ ਉਨ੍ਹਾਂ ਦੇ ਕਈ ਟਿਕਾਣਿਆਂ ‘ਤੇ ਤਾਬੜਤੋੜ ਛਾਪੇਮਾਰੀ ਕੀਤੀ ਹੈ। ਦੂਜੇ ਪਾਸੇ, ਈਡੀ ਦੀ ਇਸ ਕਾਰਵਾਈ ‘ਤੇ ਮਨੀਸ਼ ਸਿਸੋਦੀਆ ਸਮੇਤ ‘ਆਪ’ ਦੇ ਹੋਰਨਾਂ ਆਗੂਆਂ ਨੇ ਭਾਜਪਾ ਅਤੇ ਪੀਐੱਮ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ।
ਈਡੀ ਦੀ ਟੀਮ ਨੇ ਪੂਰਬੀ ਦਿੱਲੀ ਦੇ ਸਵਾਸਥ ਵਿਹਾਰ ਸਥਿਤ ਦੀਪਕ ਸਿੰਗਲਾ ਦੀ ਰਿਹਾਇਸ਼ ‘ਤੇ ਛਾਪਾ ਮਾਰਿਆ। ਫਿਲਹਾਲ ਈਡੀ ਦੀ ਕਾਰਵਾਈ ਜਾਰੀ ਹੈ। ਦੀਪਕ ਸਿੰਗਲਾ ਦੇ ਘਰ ਦੇ ਬਾਹਰ ਅਰਧ-ਸੈਨਿਕ ਬਲਾਂ ਤਾਇਨਾਤ ਕੀਤੇ ਗਏ ਹਨ। ਅਧਿਕਾਰੀਆਂ ਦੀ ਟੀਮ ਅੰਦਰ ਦਸਤਾਵੇਜ਼ਾਂ ਅਤੇ ਇਲੈਕਟ੍ਰਾਨਿਕ ਰਿਕਾਰਡ ਦੀ ਜਾਂਚ ਵਿੱਚ ਜੁਟੀ ਹੋਈ ਹੈ।
ਈਡੀ ਦੀ ਛਾਪੇਮਾਰੀ ‘ਤੇ ਭੜਕੇ ਮਨੀਸ਼ ਸਿਸੋਦੀਆ
ਈਡੀ ਦੀ ਕਾਰਵਾਈ ਤੋਂ ਬਾਅਦ ‘ਆਪ’ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ‘ਐਕਸ’ ‘ਤੇ ਪੋਸਟ ਪਾ ਕੇ ਭਾਜਪਾ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਐਕਸ ‘ਤੇ ਲਿਖਿਆ, “ED, CBI ਅਤੇ ਚੋਣ ਕਮਿਸ਼ਨ ਵਰਗੀਆਂ ਸੰਸਥਾਵਾਂ ਦੀ ਆਪਣੇ ਗੁੰਡਿਆਂ ਵਾਂਗ ਵਰਤੋਂ ਕਰਕੇ ਪੀਐੱਮ ਮੋਦੀ ਵਿਰੋਧੀ ਨੇਤਾਵਾਂ ਨੂੰ ਚੋਣ ਜਿੱਤਣ ਤੋਂ ਰੋਕ ਸਕਦੇ ਹਨ। ਪਰ ਉਹ ਦੇਸ਼ ਦੀ ਆਰਥਿਕਤਾ ਜਾਂ ਰੁਪਏ ਦੀ ਡਿੱਗਦੀ ਕੀਮਤ ਨੂੰ ਨਹੀਂ ਸੰਭਾਲ ਸਕਦੇ।”
ਈਡੀ ਬੀਜੇਪੀ ਦੀ ਚੋਣ ਵਿੰਗ ਬਣ ਗਈ ਹੈ
‘ਆਪ’ ਆਗੂ ਅਨੁਰਾਗ ਢਾਂਡਾ ਨੇ ਵੀ ਭਾਜਪਾ ‘ਤੇ ਤਨਜ਼ ਕੱਸਿਆ ਹੈ। ਉਨ੍ਹਾਂ ਨੇ ਐਕਸ ‘ਤੇ ਪੋਸਟ ਪਾਉਂਦਿਆਂ ਲਿਖਿਆ, “ਈਡੀ, ਬੀਜੇਪੀ ਦੀ ਚੋਣ ਵਿੰਗ ਬਣ ਗਈ ਹੈ। ਇਸੇ ਲਈ ਉਹ ਡਰੱਗ ਮਨੀ ਅਤੇ ਟੈਰਰ ਫੰਡ ‘ਤੇ ਕੋਈ ਐਕਸ਼ਨ ਨਹੀਂ ਲੈ ਪਾ ਰਹੀ, ਜਿਸ ਦੇ ਲਈ ਇਸ ਨੂੰ ਬਣਾਇਆ ਗਿਆ ਸੀ। ਆਮ ਆਦਮੀ ਪਾਰਟੀ ਦੇ ਗੋਆ ਕੋ-ਇੰਚਾਰਜ ਦੇ ਘਰ ‘ਤੇ ਰੇਡ ਕੀਤੀ ਗਈ ਤਾਂ ਜੋ ਗੋਆ ਵਿੱਚ ਪਾਰਟੀ ਦੀਆਂ ਚੋਣ ਤਿਆਰੀਆਂ ਵਿੱਚ ਰੁਕਾਵਟ ਪਾਈ ਜਾ ਸਕੇ।” ਉਨ੍ਹਾਂ ਕਿਹਾ, ‘ਬੀਜੇਪੀ सरकार ਨੇ ਗੋਆ ਵਿੱਚ ਕੋਈ ਕੰਮ ਨਹੀਂ ਕੀਤਾ ਹੈ, ਅਤੇ ਹੁਣ ਉਹ ਚੋਣਾਂ ਵਿੱਚ ‘ਆਪ’ ਤੋਂ ਡਰ ਰਹੀ ਹੈ?’
ਬੰਗਾਲ ਦੀਆਂ ਚੋਣਾਂ ਵਿੱਚ ਈਡੀ ਦੀ ਦੁਰਵਰਤੋਂ ਕੀਤੀ
ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੇ ਵੀ ਭਾਜਪਾ ‘ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ, ‘ਪੂਰੇ ਦੇਸ਼ ਨੇ ਦੇਖਿਆ ਕਿ ਕਿਸ ਤਰ੍ਹਾਂ ਬੰਗਾਲ ਦੀਆਂ ਚੋਣਾਂ ਵਿੱਚ ਭਾਜਪਾ ਨੇ ਟੀਐੱਮਸੀ ਖ਼ਿਲਾਫ਼ ਈਡੀ ਦੀ ਵਰਤੋਂ ਕੀਤੀ।’ ਉਨ੍ਹਾਂ ਦਾਅਵਾ ਕੀਤਾ ਕਿ ਈਡੀ ਰਾਹੀਂ ਟੀਐੱਮਸੀ ਦੇ ਸੰਗਠਨ ਦਾ ਸਾਰਾ ਡੇਟਾ ਚੋਰੀ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੁਝ ਲੋਕਾਂ ਨੂੰ ਜੇਲ੍ਹ ਵੀ ਭੇਜ ਦਿੱਤਾ ਗਿਆ ਸੀ, ਜਦਕਿ ਚੋਣਾਂ ਖ਼ਤਮ ਹੁੰਦਿਆਂ ਹੀ ਉਨ੍ਹਾਂ ਨੂੰ ਜੇਲ੍ਹ ਵਿੱਚੋਂ ਛੱਡ ਦਿੱਤਾ ਗਿਆ।
ਬੰਗਾਲ ਤੋਂ ਬਾਅਦ ਪੰਜਾਬ ਅਤੇ ਗੋਆ ‘ਤੇ ਨਜ਼ਰ
ਆਤਿਸ਼ੀ ਨੇ ਕਿਹਾ ਕਿ ਬੰਗਾਲ ਤੋਂ ਬਾਅਦ ਹੁਣ ਭਾਜਪਾ ਦੀ ਨਜ਼ਰ ਪੰਜਾਬ ‘ਤੇ ਹੈ। ਉਨ੍ਹਾਂ ਕਿਹਾ, ‘ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੇ ਘਰਾਂ ‘ਤੇ ਰੇਡ ਸ਼ੁਰੂ ਹੋ ਗਈ ਹੈ।’ ਉਨ੍ਹਾਂ ਅੱਗੇ ਕਿਹਾ ਕਿ ਜਿਹੜੇ ਨੇਤਾ ਭਾਜਪਾ ਵਿੱਚ ਚਲੇ ਗਏ, ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋ ਰਹੀ, ਪਰ ਸੰਜੀਵ ਅਰੋੜਾ ਵਰਗੇ ਨੇਤਾ ਨੂੰ ਜੇਲ੍ਹ ਭੇਜ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੇ ਭਾਜਪਾ ਵਿੱਚ ਜਾਣ ਤੋਂ ਮਨਾ ਕਰ ਦਿੱਤਾ ਸੀ। ਉਨ੍ਹਾਂ ਕਿਹਾ, ‘ਹੁਣ ਪੰਜਾਬ ਤੋਂ ਬਾਅਦ ਅਗਲਾ ਨੰਬਰ ਗੋਆ ਦਾ ਆ ਗਿਆ ਹੈ, ਕਿਉਂਕਿ ਭਾਜਪਾ ਨੂੰ ਪਤਾ ਹੈ ਕਿ ਇੱਥੋਂ ਦੇ ਲੋਕ ਭਾਜਪਾ ਸਰਕਾਰ ਨੂੰ ਨਫ਼ਰਤ ਕਰਦੇ ਹਨ।’
ਉਨ੍ਹਾਂ ਕਿਹਾ ਕਿ ਭਾਜਪਾ ਨੂੰ ਡਰ ਹੈ ਕਿ ਫਰਵਰੀ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਇੱਥੋਂ ਦੀ ਜਨਤਾ ਉਨ੍ਹਾਂ ਨੂੰ ਉਖਾੜ ਸੁੱਟੇਗੀ, ਕਿਉਂਕਿ ਗੋਆ ਵਿੱਚ ‘ਆਪ’ ਦਾ ਗ੍ਰਾਫ਼ ਵਧ ਰਿਆ ਹੈ ਅਤੇ ਇੱਥੋਂ ਦੇ ਲੋਕ ਆਮ ਆਦਮੀ ਪਾਰਟੀ ਨੂੰ ਪਸੰਦ ਕਰ ਰਹੇ ਹਨ। ਇਸ ਲਈ ਉਨ੍ਹਾਂ ਨੇ ਗੋਆ ਵਿੱਚ ਵੀ ‘ਆਪ’ ਨੇਤਾਵਾਂ ਦੇ ਘਰਾਂ ‘ਤੇ ਰੇਡ ਸ਼ੁਰੂ ਕਰ ਦਿੱਤੀ ਹੈ।
They Are Using ED CBI Like Goons But Cannot Handle The Falling Value Of The Rupee AAP Leaders Furious At PM Modi