April 9, 2026
Punjab Speaks Team / Punjab
09 ਅਪ੍ਰੈਲ 2026 :ਪੰਜਾਬ ਸਰਕਾਰ ਨੇ ਸੂਬੇ ਵਿੱਚ ਬੇਮੌਸਮੀ ਬਾਰਿਸ਼ ਅਤੇ ਤੇਜ਼ ਹਵਾਵਾਂ ਕਾਰਨ ਦਸ ਦਿਨਾਂ ’ਚ ਹੋਏ ਫ਼ਸਲੀ ਖ਼ਰਾਬੇ ਦੇ ਮੱਦੇਨਜ਼ਰ ਕੇਂਦਰ ਸਰਕਾਰ ਤੋਂ ਦਖ਼ਲ ਦੇਣ ਦੀ ਮੰਗ ਕੀਤੀ ਹੈ। ਸੂਬਾ ਸਰਕਾਰ ਨੇ ਕੇਂਦਰ ਸਰਕਾਰ ਨੂੰ ਪੰਜਾਬ ’ਚ ਹੋਏ ਫ਼ਸਲੀ ਨੁਕਸਾਨ ਦੇ ਜਾਇਜ਼ੇ ਲਈ ਕੇਂਦਰੀ ਟੀਮ ਭੇਜਣ ਦੀ ਅਪੀਲ ਕੀਤੀ ਹੈ ਤਾਂ ਕਿ ਫ਼ਸਲੀ ਨੁਕਸਾਨ ਦਾ ਪਤਾ ਲੱਗ ਸਕੇ। ਬੇਸ਼ੱਕ ਲੰਘੇ ਵਰ੍ਹੇ ਕੇਂਦਰ ਸਰਕਾਰ ਨੇ ਹੜ੍ਹਾਂ ਦੀ ਮਾਰ ’ਚ ਆਏ ਪੰਜਾਬ ਨੂੰ ਕੋਈ ਵੱਡਾ ਰਾਹਤ ਪੈਕੇਜ ਨਹੀਂ ਦਿੱਤਾ ਸੀ ਪਰ ਹੁਣ ਪੰਜਾਬ ਸਰਕਾਰ ਨੇ ਮੁੜ ਕੇਂਦਰ ਨੂੰ ਅਪੀਲ ਕੀਤੀ ਹੈ।
ਸੂਬੇ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਪੱਤਰ ਲਿਖ ਕੇ ਸੂਬੇ ’ਚ ਮੀਂਹ ਅਤੇ ਗੜੇਮਾਰੀ ਨਾਲ ਹੋਏ ਨੁਕਸਾਨ ਤੋਂ ਜਾਣੂ ਕਰਵਾਇਆ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਪੰਜਾਬ ’ਚ ਮੁੱਢਲੇ ਅਨੁਮਾਨ ਅਨੁਸਾਰ 1.30 ਲੱਖ ਏਕੜ ਫ਼ਸਲ ਪ੍ਰਭਾਵਿਤ ਹੋਈ ਹੈ ਅਤੇ ਲਗਾਤਾਰ ਪੈ ਰਹੀਆਂ ਬਾਰਿਸ਼ਾਂ ਨਾਲ ਇਹ ਨੁਕਸਾਨ ਵਧ ਵੀ ਸਕਦਾ ਹੈ। ਇਸ ਕੁਦਰਤੀ ਮਾਰ ਨੇ ਜਿੱਥੇ ਕਿਸਾਨਾਂ ਦੀ ਜ਼ਿੰਦਗੀ ਲੀਹ ਤੋਂ ਲਾਹ ਦਿੱਤੀ ਹੈ, ਉੱਥੇ ਹੀ ਸੂਬੇ ਦੇ ਖੇਤੀ ਅਰਥਚਾਰੇ ਨੂੰ ਵੀ ਸੱਟ ਵੱਜੀ ਹੈ। ਪੱਤਰ ਵਿੱਚ ਇਹ ਵੀ ਲਿਖਿਆ ਹੈ ਕਿ ਕੇਂਦਰ ਸਰਕਾਰ ਫ਼ੌਰੀ ਕੇਂਦਰੀ ਟੀਮ ਭੇਜ ਕੇ ਨੁਕਸਾਨ ਦਾ ਜਾਇਜ਼ਾ ਲਵੇ ਅਤੇ ਨੁਕਸਾਨੀ ਫ਼ਸਲ ਲਈ ਫ਼ੌਰੀ ਮੁਆਵਜ਼ਾ ਦਿੱਤਾ ਜਾਵੇ।
ਖੁੱਡੀਆਂ ਨੇ ਕਿਹਾ ਕਿ ਪੰਜਾਬ ’ਚ ਐਤਕੀਂ 35 ਲੱਖ ਹੈਕਟੇਅਰ ਰਕਬੇ ਵਿੱਚ ਬਿਜਾਂਦ ਹੈ ਅਤੇ ਮੁੱਢਲੇ ਪੜਾਅ ’ਤੇ ਇਸ ਵਾਰ ਬੰਪਰ ਫ਼ਸਲ ਹੋਣ ਦਾ ਅਨੁਮਾਨ ਸੀ ਪਰ ਪਿਛਲੇ ਦਸ ਦਿਨਾਂ ’ਚ ਮੀਂਹ ਤੇ ਗੜੇਮਾਰੀ ਨੇ ਭਾਰੀ ਨੁਕਸਾਨ ਕਰ ਦਿੱਤਾ ਹੈ। ਸਬਜ਼ੀਆਂ ਅਤੇ ਹਰਾ ਚਾਰਾ ਵੀ ਪ੍ਰਭਾਵਿਤ ਹੋਇਆ ਹੈ। ਸੂਬਾ ਸਰਕਾਰ ਕਿਸਾਨਾਂ ਦੀ ਔਖ ਦੀ ਘੜੀ ’ਚ ਬਾਂਹ ਫੜਨ ਲਈ ਵਚਨਬੱਧ ਹੈ। ਪੰਜਾਬ ਦੇ ਹੁਣ ਤੱਕ ਫ਼ਾਜ਼ਿਲਕਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਤੇ ਮੋਗਾ ਤੋਂ ਇਲਾਵਾ ਮਾਝੇ ਦੇ ਕੁੱਝ ਹਿੱਸਿਆਂ ’ਚ ਜ਼ਿਆਦਾ ਫ਼ਸਲੀ ਨੁਕਸਾਨ ਹੋਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ੌਰੀ ਵਿਸ਼ੇਸ਼ ਗਿਰਦਾਵਰੀ ਕਰਵਾਉਣ ਦੇ ਹੁਕਮ ਦਿੱਤੇ ਸਨ ਅਤੇ ਕਿਸਾਨਾਂ ਨੂੰ ਪ੍ਰਤੀ ਏਕੜ 20 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਣਾ ਹੈ।
ਹਫ਼ਤੇ ਦੌਰਾਨ ਆਮ ਨਾਲੋਂ 603 ਫ਼ੀਸਦ ਵੱਧ ਮੀਂਹ ਦਰਜ
ਮੌਸਮ ਵਿਭਾਗ ਦੇ ਵੇਰਵਿਆਂ ਅਨੁਸਾਰ ਪੰਜਾਬ ’ਚ ਪਹਿਲੀ ਅਪਰੈਲ ਤੋਂ ਅੱਠ ਅਪਰੈਲ ਸਵੇਰ ਤੱਕ ਬਾਰਿਸ਼ ਆਮ ਨਾਲੋਂ 603 ਫ਼ੀਸਦ ਵੱਧ ਪਈ ਹੈ। ਹਾਲਾਂਕਿ, ਮਾਰਚ ਮਹੀਨੇ ’ਚ ਆਮ ਨਾਲੋਂ 25 ਫ਼ੀਸਦ ਤੱਕ ਘੱਟ ਮੀਂਹ ਪਿਆ ਸੀ। ਪਿਛਲੇ 24 ਘੰਟਿਆਂ ਦੌਰਾਨ ਮੋਗਾ ਜ਼ਿਲ੍ਹੇ ’ਚ ਸਭ ਤੋਂ ਵੱਧ 40 ਮਿਲੀਮੀਟਰ ਮੀਂਹ ਪਿਆ ਹੈ, ਜਦੋਂ ਕਿ ਰੂਪਨਗਰ ਜ਼ਿਲ੍ਹੇ ’ਚ 34.8 ਮਿਲੀਮੀਟਰ ਬਾਰਿਸ਼ ਹੋਈ ਹੈ। ਅਗਲੇ 24 ਘੰਟਿਆਂ ’ਚ ਤਾਪਮਾਨ ਵਿੱਚ ਕਿਸੇ ਵੱਡੀ ਤਬਦੀਲੀ ਦੀ ਸੰਭਾਵਨਾ ਨਹੀਂ ਹੈ। ਕੁਦਰਤੀ ਕਹਿਰ ਨੇ ਐਤਕੀਂ ਮੁੜ ਫ਼ਸਲਾਂ ਨੂੰ ਝੰਬ ਦਿੱਤਾ ਹੈ। ਪੰਜਾਬ ’ਚ ਮੀਂਹ ਦਾ ਸਿੱਧਾ ਅਸਰ ਪੈਦਾਵਾਰ ’ਤੇ ਵੀ ਪਵੇਗਾ ਅਤੇ ਕਿਸਾਨਾਂ ਨੂੰ ਖ਼ਰੀਦ ਕੇਂਦਰਾਂ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਬਾ ਸਰਕਾਰ ਨੇ 122 ਲੱਖ ਟਨ ਕਣਕ ਦੀ ਖ਼ਰੀਦ ਦਾ ਟੀਚਾ ਮਿੱਥਿਆ ਹੈ। ਮੀਂਹ ਤੇ ਗੜੇਮਾਰੀ ਕਾਰਨ ਕਿਸਾਨਾਂ ਦੇ ਲਾਗਤ ਖ਼ਰਚੇ ਵਧਣਗੇ ਅਤੇ ਫ਼ਸਲ ਦੀ ਗੁਣਵੱਤਾ ਵੀ ਪ੍ਰਭਾਵਿਤ ਹੋਵੇਗੀ। ਪਿਛਲੇ ਵਰ੍ਹੇ ਹੜ੍ਹਾਂ ਨੇ ਕਿਸਾਨੀ ਨੂੰ ਵਿੱਤੀ ਸੱਟ ਮਾਰੀ ਅਤੇ ਹੁਣ ਫਿਰ ਕਿਸਾਨੀ ਨੂੰ ਕੁਦਰਤੀ ਮਾਰ ਪਈ ਹੈ।
Crop Damage Issue Punjab Government Seeks Immediate Intervention From The Centre