March 24, 2026
Punjab Speaks Team / Panjab
ਨਵੀਂ ਦਿੱਲੀ, 24 ਮਾਰਚ 2026 :- ਈਰਾਨ ਅਤੇ ਅਮਰੀਕਾ (Iran-America War) ਦੇ ਵਿਚਕਾਰ ਜੰਗ ਕਾਰਨ ਕੱਚੇ ਤੇਲ (Crude Prices) ਦੀਆਂ ਕੀਮਤਾਂ ਤੇਜ਼ੀ ਨਾਲ ਵਧੀਆਂ ਹਨ, ਜੋ ਭਾਰਤ ਵਰਗੇ ਦੇਸ਼ ਲਈ ਇੱਕ ਵੱਡੀ ਸਿਰਦਰਦੀ ਹੈ, ਕਿਉਂਕਿ ਅਸੀਂ ਆਪਣੀ ਲੋੜ ਦਾ 80 ਫੀਸਦੀ ਤੇਲ ਦਰਾਮਦ ਕਰਦੇ ਹਾਂ। ਇਸ ਦੌਰਾਨ ਕੱਚੇ ਤੇਲ ‘ਤੇ ਈਰਾਨ ਵੱਲੋਂ ਭਾਰਤ ਨੂੰ ਇੱਕ ਪੇਸ਼ਕਸ਼ ਮਿਲੀ ਹੈ, ਪਰ ਇਸ ਦੇ ਲਈ ਤੇਹਰਾਨ ਨੇ ਕੀਮਤ ਅਤੇ ਭੁਗਤਾਨ ‘ਤੇ ਮਨਮਾਨੀਆਂ ਸ਼ਰਤਾਂ ਰੱਖੀਆਂ ਹਨ।
ਰਾਇਟਰਜ਼ ਦੀ ਰਿਪੋਰਟ ਅਨੁਸਾਰ, ਉਦਯੋਗ ਜਗਤ ਦੇ ਤਿੰਨ ਸੂਤਰਾਂ ਨੇ ਦੱਸਿਆ ਕਿ ਅਮਰੀਕਾ ਵੱਲੋਂ ਜੰਗ ਕਾਰਨ ਪੈਦਾ ਹੋਏ ਊਰਜਾ ਸੰਕਟ ਨੂੰ ਘੱਟ ਕਰਨ ਲਈ ਈਰਾਨ ‘ਤੇ ਲੱਗੀਆਂ ਪਾਬੰਦੀਆਂ ਨੂੰ ਆਰਜ਼ੀ ਤੌਰ ‘ਤੇ ਹਟਾਉਣ ਤੋਂ ਬਾਅਦ, ਤੇਹਰਾਨ ਦੇ ਵਪਾਰੀਆਂ ਨੇ ਭਾਰਤੀ ਰਿਫਾਇਨਰੀਆਂ ਨੂੰ ICE ਬ੍ਰੈਂਟ ਦੀ ਤੁਲਨਾ ਵਿੱਚ ਪ੍ਰੀਮੀਅਮ ‘ਤੇ ਈਰਾਨੀ ਤੇਲ ਦੀ ਪੇਸ਼ਕਸ਼ ਕੀਤੀ ਹੈ। ਭਾਵ ਕੱਚੇ ਤੇਲ ਦੀਆਂ ਆਮ ਕੀਮਤਾਂ ਨਾਲੋਂ ਵੱਧ ਭਾਅ ‘ਤੇ ਈਰਾਨ ਆਪਣਾ ਤੇਲ ਦੇਵੇਗਾ।
ਭਾਰਤ ਨੇ ਮਈ 2019 ਤੋਂ ਬਾਅਦ ਤੇਹਰਾਨ ਤੋਂ ਤੇਲ ਦੀ ਕੋਈ ਖੇਪ ਪ੍ਰਾਪਤ ਨਹੀਂ ਕੀਤੀ ਹੈ, ਕਿਉਂਕਿ ਅਮਰੀਕਾ ਦੇ ਦਬਾਅ ਹੇਠ ਆ ਕੇ ਉਸ ਨੇ ਈਰਾਨੀ ਕੱਚੇ ਤੇਲ ਦੀ ਖਰੀਦ ਬੰਦ ਕਰ ਦਿੱਤੀ ਸੀ।
ਸੂਤਰਾਂ ਨੇ ਹੋਰ ਕੀ ਦੱਸਿਆ?
ਸੂਤਰਾਂ ਅਨੁਸਾਰ, ਭਾਰਤ ਦੇ ਨੇੜੇ ਸਥਿਤ ਈਰਾਨ ਤੋਂ ਤੇਲ ਅਤੇ ਲਿਕਵਿਡ ਪੈਟਰੋਲੀਅਮ ਗੈਸ ਦੀ ਵੱਧ ਤੋਂ ਵੱਧ ਖਰੀਦ ਲਈ ਭਾਰਤੀ ਰਿਫਾਇਨਰਾਂ ਕੋਲ ਇੱਕ ਮਹੀਨੇ ਦਾ ਸਮਾਂ ਹੈ। ਤੇਲ ਦੀਆਂ ਕੀਮਤਾਂ ਵਿੱਚ ਉਛਾਲ ਨੂੰ ਰੋਕਣ ਦੇ ਯਤਨ ਵਿੱਚ ਅਮਰੀਕਾ ਵੱਲੋਂ ਰੂਸ ‘ਤੇ ਲਗਾਈਆਂ ਪਾਬੰਦੀਆਂ ਹਟਾਉਣ ਤੋਂ ਬਾਅਦ ਭਾਰਤੀ ਰਿਫਾਇਨਰ ਪਹਿਲਾਂ ਹੀ ਲੱਖਾਂ ਬੈਰਲ ਰੂਸੀ ਤੇਲ ਖਰੀਦ ਚੁੱਕੇ ਹਨ।
ਸੂਤਰਾਂ ਅਨੁਸਾਰ, ਵਪਾਰੀ ਅਤੇ ਨੈਸ਼ਨਲ ਈਰਾਨੀ ਆਇਲ ਕੰਪਨੀ ਡਾਲਰ ਵਿੱਚ ਭੁਗਤਾਨ ਦੀ ਮੰਗ ਕਰ ਰਹੇ ਹਨ, ਜਦਕਿ ਕੁਝ ਪੱਖ ਭਾਰਤੀ ਰੁਪਏ ਵਿੱਚ ਵੀ ਭੁਗਤਾਨ ਸਵੀਕਾਰ ਕਰਨ ਲਈ ਤਿਆਰ ਹਨ। ਸੂਤਰਾਂ ਨੇ ਦੱਸਿਆ ਕਿ ਈਰਾਨੀ ਤੇਲ ਦੀ ਪੇਸ਼ਕਸ਼ ICE ਬ੍ਰੈਂਟ ਦੀ ਤੁਲਨਾ ਵਿੱਚ 6-8 ਡਾਲਰ ਪ੍ਰਤੀ ਬੈਰਲ ਦੇ ਪ੍ਰੀਮੀਅਮ (ਵਾਧੂ ਕੀਮਤ) ‘ਤੇ ਕੀਤੀ ਗਈ ਹੈ, ਅਤੇ ਮਾਲ ਪਹੁੰਚਣ ਦੇ ਸੱਤ ਦਿਨਾਂ ਦੇ ਅੰਦਰ ਭੁਗਤਾਨ ਕਰਨਾ ਹੋਵੇਗਾ।
ਅੰਤਰਰਾਸ਼ਟਰੀ ਊਰਜਾ ਏਜੰਸੀ ਦੇ ਕਾਰਜਕਾਰੀ ਨਿਰਦੇਸ਼ਕ ਫਾਤਿਹ ਬਿਰੋਲ ਨੇ ਸੋਮਵਾਰ ਨੂੰ ਕਿਹਾ ਕਿ ਮੌਜੂਦਾ ਊਰਜਾ ਸੰਕਟ 1970 ਦੇ ਦਹਾਕੇ ਦੇ ਦੋ ਤੇਲ ਸੰਕਟਾਂ ਨਾਲੋਂ ਕਿਤੇ ਵੱਧ ਗੰਭੀਰ ਹੈ। ਅਮਰੀਕੀ ਵਿੱਤ ਮੰਤਰੀ ਸਕਾਟ ਬੇਸੈਂਟ ਨੇ ਕਿਹਾ ਸੀ ਕਿ ਟਰੰਪ ਪ੍ਰਸ਼ਾਸਨ ਨੇ ਸਮੁੰਦਰ ਵਿੱਚ ਮੌਜੂਦ ਈਰਾਨੀ ਤੇਲ ਦੀ ਖਰੀਦ ‘ਤੇ 30 ਦਿਨਾਂ ਲਈ ਪਾਬੰਦੀਆਂ ਹਟਾ ਦਿੱਤੀਆਂ ਹਨ।
Iran s Offer To India Amid Oil Crisis Controversy Escalates With Strict Conditions On Price And Payment