May 5, 2026
Punjab Speaks Team / Punjab
ਕੁਰਾਲੀ 05 ਮਈ 2026 :ਬੰਗਾਲ ’ਚ ਭਾਜਪਾ ਦੀ ਸਰਕਾਰ ਬਣਨ ਤੇ ਭਾਜਪਾ ਵੱਲੋਂ ਹੁਣ ਪੰਜਾਬ ਦੀ ਵਾਰੀ ਦਾ ਨਾਅਰਾ ਦੇਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਮਾਨ ਨੇ ਭਾਜਪਾ ’ਤੇ ਵਰ੍ਹਦਿਆਂ ਕਿਹਾ ਕਿ ਭਗਵਾ ਪਾਰਟੀ ਦੇਸ਼ ਦੇ ਕਿਸੇ ਵੀ ਸੂਬੇ ਤੋਂ ਜਿੱਤ ਸਕਦੀ ਹੈ ਪਰ ਉਹ ਮਹਾਨ ਗੁਰੂਆਂ, ਸੰਤਾਂ, ਪੀਰਾਂ-ਪੈਗੰਬਰਾਂ ਤੇ ਸ਼ਹੀਦਾਂ ਦੀ ਧਰਤੀ ਪੰਜਾਬ ਤੋਂ ਜਿੱਤਣ ਦਾ ਸੁਪਨਾ ਵੀ ਨਹੀਂ ਦੇਖ ਸਕਦੀ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਭਾਜਪਾ ਦੇ ਸ਼ੱਕੀ ਚਰਿੱਤਰ ਤੋਂ ਚੰਗੀ ਤਰ੍ਹਾਂ ਜਾਣੂ ਹਨ, ਜੋ ਇਸਨੂੰ ਚੰਗੀ ਤਰ੍ਹਾਂ ਸਬਕ ਸਿਖਾਉਣਗੇ, ਕਿਉਂਕਿ ਪੰਜਾਬੀ ਇਹ ਕਦੇ ਨਹੀਂ ਭੁੱਲਣਗੇ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਦੌਰਾਨ ਸੂਬੇ ਦੇ ਅੰਨਦਾਤੇ ਨੂੰ ਕਿਵੇਂ ਜ਼ਲੀਲ ਕੀਤਾ ਗਿਆ ਅਤੇ ਭਾਜਪਾ ਦੇ ਹੱਥ ਇਸ ਅੰਦੋਲਨ ਦੌਰਾਨ ਸ਼ਹੀਦ ਹੋਏ 700 ਤੋਂ ਵੱਧ ਕਿਸਾਨਾਂ ਦੇ ਖ਼ੂਨ ਨਾਲ ਰੰਗੇ ਹੋਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਭਾਜਪਾ ਕੁਝ ਸੂਬਿਆਂ ’ਚ ਆਪਣੀ ਚੋਣ ਕਾਰਗੁਜ਼ਾਰੀ ਤੋਂ ਖ਼ੁਸ਼ ਹੈ, ਪਰ ਜਿੱਥੋਂ ਤੱਕ ਪੰਜਾਬ ਦਾ ਸਬੰਧ ਹੈ, ਭਾਜਪਾ ਨੇ ਪੰਜਾਬ ਨਾਲ ਸਦਾ ਬੇਇਨਸਾਫ਼ੀ ਤੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਸੂਬੇ ’ਚ ਭਾਜਪਾ ਦੇ ਆਉਣ ਦੀਆਂ ਸੰਭਾਵਨਾਵਾਂ ਨੂੰ ਖਾਰਜ ਕਰਦਿਆਂ ਉਨ੍ਹਾਂ ਅੱਗੇ ਕਿਹਾ ਕਿ ਹਵਾਈ ਕਿਲ੍ਹੇ ਉਸਾਰ ਰਹੀ ਭਾਜਪਾ ਲੀਡਰਸ਼ਿਪ ਨੂੰ ਇਹ ਭੁੱਲ ਜਾਣਾ ਚਾਹੀਦਾ ਹੈ ਕਿ ਇਹ ਕਦੇ ਵੀ ਪੰਜਾਬ ’ਚ ਸੱਤਾ ’ਚ ਆ ਸਕੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬਹਾਦਰ ਤੇ ਸੂਝਵਾਨ ਲੋਕ ਇਨ੍ਹਾਂ ਕੁਕਰਮਾਂ ਨੂੰ ਕਦੇ ਨਹੀਂ ਭੁੱਲਣਗੇ। ਮਾਨ ਨੇ ਕਿਹਾ ਕਿ ਪੰਜਾਬ ਦਾ ਇਸ ਭਾਜਪਾ ਨੇ ਪਹਿਲਾਂ ਕੀ ਘੱਟ ਨੁਕਸਾਨ ਕੀਤਾ ਹੈ, ਆਰਡੀਐੱਫ ਦਾ ਪੈਸਾ ਰੋਕ ਰੱਖਿਆ ਹੈ। ਹਰ ਮੁੱਦੇ ’ਤੇ ਪੰਜਾਬ ਨਾਲ ਝਗੜਾ ਕਰਦੇ ਹਨ, ਕਦੀ ਕਹਿੰਦੇ ਹਨ ਕਿ ਅਸੀਂ ਤੁਹਾਡੀ ਯੂਨੀਵਰਿਸਟੀ ਖੋਹ ਲਵਾਂਗੇ। ਕਦੀ ਕਹਿੰਦੇ ਹਨ ਕਿ ਚੰਡੀਗੜ੍ਹ ਸਾਡਾ ਹੋਵੇਗਾ•। ਕਦੀ ਕਹਿੰਦੇ ਹਨ ਕਿ ਭਾਖੜਾ ਪਾਣੀ ਸਾਡਾ ਹੈ। ਉਨ੍ਹਾਂ ਨੇ ਪੰਜਾਬ ਦੇ ਹੱਕ ਦੀ ਗੱਲ ਕਦੀ ਕੀਤੀ ਹੀ ਨਹੀਂ। ਮਾਨ ਨੇ ਕਿਹਾ ਕਿ ਜਾਖੜ ਸਾਹਬ ਤੋਂ ਜਾਂ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛ ਲੈਣਾ। ਹੁਣ ਤਾਂ ਉਹ ਵੀ ਭਾਜਪਾ ’ਚ ਹੀ ਹਨ। ਜਦੋਂ ਜਨਤਾ ਜਨਾਰਦਨ ਤੋਂ ਵੋਟ ਮੰਗਣ ਜਾਣਗੇ ਤਾਂ ਕਿਸ ਮੂੰਹ ਨਾਲ ਜਾਣਗੇ, ਲੋਕ ਇਨ੍ਹਾਂ ਸਵਾਲਾਂ ਦਾ ਜਵਾਬ ਤਾਂ ਮੰਗਣਗੇ ਹੀ।
BJP s lotus Blooming In Punjab Is Just A Dream Bhagwant Mann Hits Back At BJP