January 21, 2026
Punjab Speaks Team / Panjab
ਹਰਿਆਣਾ ਦੇ ਗਵਰਨਰ ਪੋ੍. ਅਸ਼ੀਮ ਕੁਮਾਰ ਘੋਸ਼ ਵੱਲੋਂ ਲੋਕ ਭਵਨ, ਹਰਿਆਣਾ ਵਿਖੇ ਗੁਰੂ ਨਾਨਕ ਖਾਲਸਾ ਕਾਲਜ, ਯਮੁਨਾ ਨਗਰ (ਹਰਿਆਣਾ) ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਦੁਆਰਾ ਲਿਖੀ ਗਈ ਪੁਸਤਕ “ਸ੍ਰੀ ਗੁਰੂ ਤੇਗ਼ ਬਹਾਦੁਰ ਦੇ ਸਲੋਕ: ਏ ਜਰਨੀ ਟੂ ਦਿ ਰੀਅਲਾਈਜ਼ੇਸ਼ਨ ਆਫ਼ ਇਨਫਿਨਾਈਟ ਰਿਆਲਿਟੀ (Sri Guru Tegh Bahadur's Sloks A Journey to the Realisation of Infinite Reality)” ਨੂੰ ਰਿਲੀਜ਼ ਕੀਤਾ ਗਿਆ। ਰਾਜਪਾਲ ਪੋ੍. ਅਸ਼ੀਮ ਕੁਮਾਰ ਨੇ ਬੌਧਿਕ ਅਤੇ ਅਕਾਦਮਿਕ ਪੱਖ ਤੋਂ ਇਸ ਪੁਸਤਕ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ 350ਵੇਂ ਸ਼ਹਾਦਤ ਵਰ੍ਹੇ ਨੂੰ ਮੁੱਖ ਰੱਖਦਿਆਂ ਡਾ. ਅਰਵਿੰਦਰ ਸਿੰਘ ਭੱਲਾ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਲੋਕਾਂ ਉੱਪਰ ਆਧਾਰਿਤ ਇਹ ਪੁਸਤਕ ਨਿਸ਼ਚਤ ਤੌਰ ਉੱਪਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਦੁੱਤੀ ਫ਼ਲਸਫ਼ੇ ਅਤੇ ਉਹਨਾਂ ਦੀ ਬਾਣੀ ਦੇ ਗਹਿਰੇ ਅਰਥਾਂ ਨੂੰ ਸਮਝਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਰਾਜਪਾਲ ਪ੍ਰੋ. ਅਸ਼ੀਮ ਕੁਮਾਰ ਘੋਸ਼ ਨੇ ਕਿਹਾ ਕਿ ਡਾ. ਅਰਵਿੰਦਰ ਸਿੰਘ ਭੱਲਾ ਨੇ ਸਮਰਪਣ ਭਾਵ ਅਤੇ ਗਹਿਰੀ ਸਮਝ ਨਾਲ ਇਹ ਪੁਸਤਕ ਲਿਖੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੇਖਕ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸਲੋਕਾਂ ਨੂੰ ਆਧੁਨਿਕ ਸੰਦਰਭ ਨਾਲ ਜੋੜਦਿਆਂ ਸੌਖੀ ਅਤੇ ਸੁਚੱਜੀ ਭਾਸ਼ਾ ਵਿੱਚ ਵਿਆਖਿਆ ਕੀਤਾ ਹੈ, ਜੋ ਅਕਾਦਮਿਕ ਜਗਤ ਦੇ ਨਾਲ-ਨਾਲ ਆਮ ਪਾਠਕਾਂ ਲਈ ਵੀ ਬੇਹੱਦ ਲਾਭਦਾਇਕ ਸਿੱਧ ਹੋਵੇਗੀ।
ਇਸ ਮੌਕੇ ਉੱਤੇ ਸ. ਜਸਮੀਤ ਸਿੰਘ ਬੇਦੀ, ਮੈਂਬਰ ਹਰਿਆਣਾ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਅਤੇ ਸਾਬਕਾ ਵਧੀਕ ਐਡਵੋਕੇਟ ਜਨਰਲ, ਹਰਿਆਣਾ ਨੇ ਕਿਹਾ ਕਿ ਡਾ. ਅਰਵਿੰਦਰ ਸਿੰਘ ਭੱਲਾ ਨੇ ਇਸ ਪੁਸਤਕ ਦੇ ਮਾਧਿਅਮ ਰਾਹੀਂ ਅਜੋਕੇ ਸਮਾਜਿਕ, ਸਭਿਆਚਾਰਕ ਅਤੇ ਧਾਰਮਿਕ ਸੰਦਰਭ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਰਵਵਿਆਪੀ ਉਪਦੇਸ਼ਾਂ ਨੂੰ ਗਹਿਰੇ ਅਧਿਐਨ ਤੋਂ ਬਾਅਦ ਦਰਸ਼ਨਿਕ ਤੇ ਅਕਾਦਮਿਕ ਦ੍ਰਿਸ਼ਟੀਕੋਣ ਤੋਂ ਬਾਖੂਬੀ ਪੇਸ਼ ਕੀਤਾ ਹੈ।
ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਆਪਣੀ ਪੁਸਤਕ ਬਾਰੇ ਦੱਸਦਿਆਂ ਕਿਹਾ ਕਿ ਇਸ ਪੁਸਤਕ ਦਾ ਮੁੱਖ ਉਦੇਸ਼ ਸ੍ਰੀ ਗੁਰੂ ਤੇਗ਼ ਬਹਾਦਰ ਦੇ ਸਲੋਕਾਂ ਦੀ ਦਾਰਸ਼ਨਿਕ ਅਤੇ ਬੌਧਿਕ ਵਿਆਖਿਆ ਰਾਹੀਂ ਮਨੁੱਖ ਨੂੰ ਆਤਮਿਕ ਬੁਲੰਦੀ, ਅੰਦਰੂਨੀ ਚੇਤਨਾ ਅਤੇ ਅਨੰਤਤਾ ਦੀ ਅਨੁਭੂਤੀ ਵੱਲ ਲੈ ਜਾਣਾ ਹੈ। ਉਹਨਾਂ ਨੇ ਇਸ ਗੱਲ ਦਾ ਵਿਸ਼ੇਸ਼ ਤੌਰ ਉੱਪਰ ਉਲੇਖ ਕੀਤਾ ਕਿ ਇਸ ਪੁਸਤਕ ਦਾ ਮੁਖਬੰਧ ਪਦਮ ਸ਼੍ਰੀ ਡਾ. ਹਰਮੋਹਿੰਦਰ ਸਿੰਘ ਬੇਦੀ, ਚਾਂਸਲਰ, ਸੈਂਟਰਲ ਯੂਨੀਵਰਸਿਟੀ ਆਫ ਹਿਮਾਚਲ ਪ੍ਰਦੇਸ਼ ਵੱਲੋਂ ਵਿਸ਼ੇਸ਼ ਤੌਰ ਉੱਪਰ ਲਿਖਿਆ ਗਿਆ ਹੈ।
ਇਸ ਮੌਕੇ ਉੱਤੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਵਲੋਂ ਗੁਰੂ ਨਾਨਕ ਖਾਲਸਾ ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ. ਰਣਦੀਪ ਸਿੰਘ ਜੌਹਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਸ. ਰਣਦੀਪ ਸਿੰਘ ਜੌਹਰ ਵਲੋਂ ਮਿਲੇ ਭਰਪੂਰ ਯੋਗਦਾਨ ਅਤੇ ਯੋਗ ਰਹਿਨੁਮਾਈ ਸਦਕਾ ਹੀ ਉਹ ਇਹ ਪੁਸਤਕ ਨੂੰ ਪਾਠਕਾਂ ਤੱਕ ਪਹੁੰਚਾਉਣ ਵਿਚ ਸਫ਼ਲ ਹੋ ਪਾਏ ਹਨ। ਇੱਥੇ ਇਹ ਵੀ ਤੱਥ ਵਿਸ਼ੇਸ਼ ਤੌਰ ਉੱਪਰ ਜ਼ਿਕਰਯੋਗ ਹੈ ਕਿ ਡਾ. ਅਰਵਿੰਦਰ ਸਿੰਘ ਭੱਲਾ ਆਪਣੀਆਂ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਖੋਜ ਅਤੇ ਲੇਖਨ ਕਾਰਜਾਂ ਵਿੱਚ ਵੀ ਭਰਪੂਰ ਢੰਗ ਨਾਲ ਸਰਗਰਮ ਹਨ। ਹੁਣ ਤੱਕ ਉਨ੍ਹਾਂ ਵੱਲੋਂ 26 ਪੁਸਤਕਾਂ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਜਰਨਲਜ਼ ਵਿਚ 80 ਤੋਂ ਵੱਧ ਖੋਜ ਪਰਚੇ ਅਤੇ 100 ਤੋਂ ਵੱਧ ਆਰਟੀਕਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਖ਼ਬਾਰਾਂ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਤੋਂ ਇਲਾਵਾ ਉਹਨਾਂ ਵਲੋਂ ਹੁਣ ਤੱਕ ਦੋ ਖੋਜ ਪ੍ਰਾਜੈਕਟ ਵੀ ਸਫਲਤਾਪੂਰਵਕ ਸੰਪੂਰਨ ਕੀਤੇ ਜਾ ਚੁੱਕੇ ਹਨ।
Haryana governor releases book based on the verses of sri guru tegh bahadur