July 1, 2025

Punjab Speaks Team / National
ਭਾਰਤੀ ਬਾਜ਼ਾਰ 'ਚ ਸ਼ਾਨਦਾਰ SUVs ਬਣਾਉਣ ਲਈ ਪ੍ਰਸਿੱਧ ਮਹਿੰਦਰਾ ਐਂਡ ਮਹਿੰਦਰਾ ਹੁਣ ਵੱਡਾ ਕਦਮ ਚੁੱਕਣ ਜਾ ਰਹੀ ਹੈ। ਮਹਿੰਦਰਾ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਕੰਪਨੀ 15 ਅਗਸਤ, 2025 ਨੂੰ ਆਪਣੇ ਇਕ ਬਿਲਕੁਲ ਨਵੇਂ SUV ਪਲੇਟਫਾਰਮ ਨੂੰ ਪੇਸ਼ ਕਰਨ ਜਾ ਰਹੀ ਹੈ। ਇਸ ਦਿਨ ਕੰਪਨੀ ਨਵੇਂ SUV ਕੰਸੈਪਟ ਨੂੰ ਪੇਸ਼ ਕਰੇਗੀ। ਆਓ ਜਾਣੀਏ ਕਿ ਮਹਿੰਦਰਾ ਦੇ ਟੀਜ਼ਰ 'ਚ ਕੀ ਵੇਖਣ ਲਈ ਮਿਲਿਆ ਹੈ।ਕੰਪਨੀ ਨੇ ਹਾਲ ਹੀ 'ਚ ਇਕ ਟੀਜ਼ਰ ਜਾਰੀ ਕੀਤਾ ਹੈ, ਜਿਸ ਵਿਚ ਆਉਣ ਵਾਲੇ ਪਲੇਟਫਾਰਮ ਤੇ ਕੰਸੈਪਟ ਕਾਰ ਦੀ ਹਲਕੀ ਝਲਕ ਦਿਖਾਈ ਗਈ ਹੈ। ਇਸ ਨਵੇਂ ਪਲੇਟਫਾਰਮ ਦਾ ਸੰਭਾਵੀ ਨਾਂ "Freedom NU" ਹੋਵੇਗਾ। ਇਹ ਪਲੇਟਫਾਰਮ ਮਹਿੰਦਰਾ ਲਈ ਇਕ ਗੇਮ-ਚੇਂਜਰ ਸਾਬਿਤ ਹੋ ਸਕਦਾ ਹੈ। ਇਹ ਪਲੇਟਫਾਰਮ ਮੋਨੋਕਾਕ ਆਰਕੀਟੈਕਚਰ ਬੇਸਡ ਹੋ ਸਕਦਾ ਹੈ।
ਮਹਿੰਦਰਾ 15 ਅਗਸਤ ਨੂੰ ਨਵਾਂ ਪਲੇਟਫਾਰਮ ਪੇਸ਼ ਕਰਨ ਦੇ ਨਾਲ-ਨਾਲ ਨਵੇਂ SUV ਕੰਸੈਪਟ ਨੂੰ ਵੀ ਪੇਸ਼ ਕਰੇਗੀ ਜਿਸਦਾ ਨਾਮ 'Vision.T' ਹੋ ਸਕਦਾ ਹੈ। ਟੀਜ਼ਰ 'ਚ ਇਕ ਗੱਡੀ ਦੀ ਝਲਕ ਦੇਖਣ ਨੂੰ ਮਿਲੀ ਹੈ ਜੋ ਮਹਿੰਦਰਾ ਦੀ ਥਾਰ ਨਾਲ ਕਾਫੀ ਹੱਦ ਤਕ ਮਿਲਦੀ ਜੁਲਦੀ ਹੈ। ਇਹ ਪਿਛਲੇ ਸਾਲ ਪੇਸ਼ ਕੀਤੀ ਗਈ Vision Thar.e ਦੀ ਤਰ੍ਹਾਂ ਦਿਖਾਈ ਦੇ ਰਹੀ ਹੈ, ਜਿਸਨੂੰ ਦੇਖਦੇ ਹੋਏ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦਿਨ ਕੰਪਨੀ ਥਾਰ ਇਲੈਕਟ੍ਰਿਕ ਨੂੰ ਭਾਰਤ ਵਿਚ ਪੇਸ਼ ਕਰ ਸਕਦੀ ਹੈ।
