March 13, 2026
Punjab Speaks Team / Panjab
ਨੰਗਲ, 13 ਮਾਰਚ 2026 :- ਇਜ਼ਰਾਈਲ ਅਤੇ ਈਰਾਨ ਦੀ ਲੜਾਈ ਦਾ ਅਸਰ ਹੁਣ ਐੱਨਐੱਫਐੱਲ ਦੀ ਨੰਗਲ ਇਕਾਈ ’ਤੇ ਵੀ ਪੈ ਗਿਆ ਹੈ ਜਿਸ ਕਾਰਨ ਇਕਾਈ ਨੂੰ ਗੈਸ ਅਥਾਰਟੀ ਆਫ ਇੰਡੀਆ ਲਿਮਟਿਡ (ਗੇਲ ) ਵੱਲੋਂ ਲਿਕੁਇਫਾਈਡ ਨੈਚੁਰਲ ਗੈਸ ਦੀ ਸਪਲਾਈ ਵਿੱਚ 40 ਫੀਸਦੀ ਤੱਕ ਦੀ ਕਟੌਤੀ ਕੀਤੇ ਜਾਣ ਤੋਂ ਵਾਦ ਉਤਪਾਦਨ ਠੱਪ ਹੋ ਗਿਆ ਹੈ। ਇਥੇ ਇਸ ਵੀ ਦੱਸਣਾ ਬਣਦਾ ਹੈ ਕਿ ਕਤਰ ਦੇਸ਼ ਭਾਰਤ ਦੀ 60 ਫੀਸਦੀ ਐੱਲਪੀਜੀ ਦੀ ਸਪਲਾਈ ਕਰਦਾ ਹੈ ਅਤੇ ਸਪਲਾਈ ਦੇ ਵਿਘਨ ਕਾਰਨ ਪੰਜਾਬ ਦੇ ਪਲਾਂਟਾਂ ਦੀ ਸਪਲਾਈ ਪਹਿਲਾਂ ਹੀ ਘਟਾ ਦਿੱਤੀ ਗਈ ਹੈ।
ਉੱਚ ਪੱਧਰੀ ਸੂਤਰਾਂ ਨੇ ਦੱਸਿਆ ਕਿ ਗੈਸ ਦੀ ਸਪਲਾਈ ਵਿੱਚ ਕਟੌਤੀ ਕਾਰਨ ਨੰਗਲ ਪਲਾਂਟ ਦੇ ਅਧਿਕਾਰੀਆਂ ਨੇ ਮੁਰੰਮਤ ਅਤੇ ਰੱਖ-ਰਖਾਅ ਲਈ ਪਲਾਂਟ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਆਮ ਤੌਰ ’ਤੇ, ਪਲਾਂਟ ਉਤਪਾਦਨ ਦੇ ਟੀਚੇ ਪੂਰੇ ਕਰਨ ਤੋਂ ਬਾਅਦ ਅਪ੍ਰੈਲ ਵਿੱਚ ਬੰਦ ਹੁੰਦਾ ਹੈ, ਪਰ ਇਸ ਸਾਲ ਗੈਸ ਦੀ ਘਾਟ ਕਾਰਨ ਇਹ ਮਾਰਚ ਦੇ ਸ਼ੁਰੂ ਵਿੱਚ ਹੀ ਬੰਦ ਕਰ ਦਿੱਤਾ ਗਿਆ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਪਲਾਂਟਾਂ ਦੇ ਬੰਦ ਹੋਣ ਨਾਲ ਆਉਣ ਵਾਲੇ ਸਾਉਣੀ ਸੀਜ਼ਨ ਦੌਰਾਨ ਸੂਬੇ ਵਿੱਚ ਯੂਰੀਆ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ। ਸੂਤਰਾਂ ਅਨੁਸਾਰ ਗੈਸ ਸਪਲਾਈ ਵਿੱਚ ਵਿਘਨ ਪੈਣ ਦਾ ਮੁੱਖ ਕਾਰਨ ਇਰਾਨ ਅਤੇ ਅਮਰੀਕਾ ਦਰਮਿਆਨ ਤਣਾਅ ਹੈ।
ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਸਾਉਣੀ ਦੇ ਸੀਜ਼ਨ ਦੌਰਾਨ ਯੂਰੀਆ ਬਹੁਤ ਮਹੱਤਵਪੂਰਨ ਹੁੰਦਾ ਹੈ ਅਤੇ ਭਾਰਤ ਦੇ ਕੁੱਲ ਯੂਰੀਆ ਉਤਪਾਦਨ ਦਾ 20 ਫੀਸਦੀ ਹਿੱਸਾ ਐੱਨਐੱਫਐੱਲ ਪੈਦਾ ਕਰਦਾ ਹੈ। ਇਸ ਦੀ ਕੋਈ ਵੀ ਘਾਟ ਖੇਤੀਬਾੜੀ ਦੇ ਉਤਪਾਦਨ ‘ਤੇ ਮਾੜਾ ਅਸਰ ਪਾ ਸਕਦੀ ਹੈ। ਦੂਜੇ ਪਾਸੇ ਇਸ ਸਬੰਧੀ ਜਦੋਂ ਐੱਨਐੱਫਐੱਲ ਨੰਗਲ ਦੇ ਜਨਰਲ ਮੈਨੇਜਰ ਦਾ ਪੱਖ ਜਾਨਣ ਲਈ ਕੋਸ਼ਿਸ਼ ਕੀਤੀ ਗਈ ਤਾਂ ਉਨਾਂ ਦੇ ਅਮਲੇ ਵੱਲੋਂ ਉੱਚ ਪੱਧਰੀ ਮੀਟਿੰਗ ਚੱਲਦੀ ਹੋਣ ਦੀ ਗੱਲ ਆਖਣ ਕਰਕੇ ਗੱਲ ਨਹੀਂ ਹੋ ਸਕੀl
ਕੀ ਕਿਹਾ ਮਾਨਤਾ ਪ੍ਰਾਪਤ ਮੁਲਾਜ਼ਮ ਜਥੇਬੰਦੀ ਦਾ
ਇਸ ਸਬੰਧੀ ਐੱਨਐੱਫਐੱਲ ਨੰਗਲ ਇਕਾਈ ਦੀ ਮਾਨਤਾ ਪ੍ਰਾਪਤ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਕੁਲਦੀਪ ਸਿੰਘ ਔਜਲਾ ਨੇ ਕਿਹਾ ਕਿ ਈਰਾਨ ਅਤੇ ਅਮਰੀਕਾ ਦਰਮਿਆਨ ਚੱਲ ਰਹੇ ਯੁੱਧ ਦੇ ਚਲਦਿਆਂ ਕੇਂਦਰ ਸਰਕਾਰ ਵੱਲੋਂ 40% ਗੈਸ ਦੀ ਕਟੌਤੀ ਕੀਤੀ ਗਈ ਜਿਸ ਕਾਰਨ ਐੱਨਐੱਫਐੱਲ ਨੂੰ ਘਾਟਾ ਪੈ ਰਿਹਾ ਸੀ ਅਤੇ ਮੈਨੇਜਮੈਂਟ ਵੱਲੋਂ ਇਸ ਪਲਾਂਟ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਪ੍ਰਧਾਨ ਔਜਲਾ ਨੇ ਕਿਹਾ ਕਿ ਇਸ ਸਬੰਧੀ ਫਰਟੀਲਾਇਜ਼ਰਸ ਮਿਨਿਸਟਰੀ ਨੂੰ ਵੀ ਅਤੇ ਐੱਨਐੱਫਐੱਲ ਦੇ ਉੱਚ ਅਧਿਕਾਰੀਆਂ ਨੂੰ ਵੀ ਜਥੇਬੰਦੀ ਵੱਲੋਂ ਇੱਕ ਪੱਤਰ ਭੇਜਿਆ ਗਿਆ ਹੈ। ਉਹਨਾਂ ਮੰਗ ਕਰਦਿਆਂ ਆਖਿਆ ਕਿ ਜਥੇਬੰਦੀ ਚਾਹੁੰਦੀ ਹੈ ਕਿ ਪਲਾਂਟ ਨੂੰ ਹਰ ਹੀਲੇ ਚੱਲਦਾ ਰੱਖਿਆ ਜਾਵੇ ਅਤੇ ਜਿੰਨਾ ਸਮਾਂ ਇਹ ਪਲਾਂਟ ਬੰਦ ਰਹੇਗਾ ਉਸ ਦੌਰਾਨ ਐਨਐਫਐਲ ਨੰਗਲ ਇਕਾਈ ਨੂੰ ਹੋਣ ਵਾਲੇ ਆਰਥਿਕ ਘਾਟੇ ਦਾ ਬੋਝ ਕੇਂਦਰ ਸਰਕਾਰ ਖੁਦ ਸਾਂਭੇ ਨਾ ਕਿ ਐਨਐਫਐਲ ਦੇ ਮੁਲਾਜ਼ਮਾਂ ਉੱਤੇ ਪਾਇਆ ਜਾਵੇ
Impact Of Iran US Tensions NFL Nangal Plant Shuts Down Prematurely Due To Gas Shortage