April 8, 2026
Punjab Speaks Team / Punjab
ਚੰਡੀਗੜ੍ਹ 08 ਅਪ੍ਰੈਲ 2026 : ਪੰਜਾਬੀ ਗਾਇਕੀ ਜਗਤ ਦੇ ਚਮਕਦੇ ਸਿਤਾਰੇ ਵਜੋਂ ਆਪਣਾ ਸ਼ੁਮਾਰ ਕਰਵਾ ਚੁੱਕੇ ਮਰਹੂਮ ਗਾਇਕ ਰਾਜਵੀਰ ਜਵੰਦਾ ਵੱਲੋਂ ਜੀਵਨ ਦੇ ਆਖ਼ਰੀ ਪੜ੍ਹਾਅ ਦੌਰਾਨ ਇੱਕ ਗੀਤ ਰਿਕਾਰਡ ਕੀਤਾ ਗਿਆ ਸੀ, ਜਿਸ ਨੂੰ ਜਲਦ ਹੀ ਰਿਲੀਜ਼ ਕੀਤਾ ਜਾਵੇਗਾ। ਇਸ ਗੀਤ ਦਾ ਨਾਮ ‘ਬਾਬਲ ਦੇ ਦੇਸ਼’ ਹੈ। ਇਸ ਗੀਤ ਦੀ ਪਹਿਲੀ ਝਲਕ ਨੂੰ ਰਿਵੀਲ ਕਰ ਦਿੱਤਾ ਗਿਆ ਹੈ। ‘ਬਾਬਲ ਦੇ ਦੇਸ਼’ ਗੀਤ ਦਾ ਗਾਇਕ ਦੇ ਪ੍ਰਸ਼ੰਸਕਾਂ ਵੱਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ।
ਅਰਸ਼ਵਿੰਦਰ ਜਵੰਦਾ ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਭਾਵਪੂਰਨ ਗੀਤ ਨੂੰ ਮਰਹੂਮ ਰਾਜਵੀਰ ਜਵੰਦਾ ਵੱਲੋਂ ਬਹੁਤ ਹੀ ਖੂਬਸੂਰਤ ਅਤੇ ਪ੍ਰਭਾਵੀ ਅੰਦਾਜ਼ ਵਿੱਚ ਗਾਇਆ ਗਿਆ ਹੈ, ਜੋ ਸੁਣਨ ਅਤੇ ਦੇਖਣ ਵਾਲਿਆ ਨੂੰ ਝੰਜੋੜ ਕੇ ਰੱਖ ਦੇਵੇਗਾ। ਪਿਓ ਅਤੇ ਧੀ ਵਿਚਕਾਰ ਭਾਵਨਾਤਮਕ ਰਿਸ਼ਤਿਆਂ ਦੀ ਤਰਜ਼ਮਾਨੀ ਕਰਦੇ ਇਸ ਗੀਤ ਦੇ ਬੋਲ ਗੀਤਕਾਰ ਕੱਟੂ ਵਾਲਾ ਭੁੱਲਰ ਨੇ ਲਿਖੇ ਹਨ ਜਦਕਿ ਇਸ ਦਾ ਮਨ ਨੂੰ ਛੂਹ ਲੈਣ ਵਾਲਾ ਸੰਗੀਤ ਜੀ ਗੁਰੀ ਵੱਲੋਂ ਤਿਆਰ ਕੀਤਾ ਗਿਆ ਹੈ।
ਸੰਗ਼ੀਤਕ ਗਲਿਆਰਿਆਂ ਵਿੱਚ ਖਿੱਚ ਦਾ ਕੇਂਦਰ ਬਣੇ ਅਤੇ ਵੱਡੇ ਪੱਧਰ ‘ਤੇ ਸੰਗ਼ੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਇਸ ਗੀਤ ਨੂੰ ਅਮਾਨਤ ਕੌਰ ਜਵੰਦਾ ਅਤੇ ਕੁਦਰਤ ਜਵੰਦਾ ਦੀ ਸੁਚੱਜੀ ਅਤੇ ਨਿੱਘ ਭਰੀ ਰਹਿਨੁਮਾਈ ਅਤੇ ਸ਼ਰਧਾਂਜਲੀ ਅਧੀਨ ਸਾਹਮਣੇ ਲਿਆਂਦਾ ਜਾ ਰਿਹਾ ਹੈ। ਇਸ ਗੀਤ ਦਾ ਮਿਊਜ਼ਿਕ ਵੀਡੀਓ ਵੀ ਬਹੁ ਪ੍ਰਭਾਵੀ ਰੂਪ ਵਿੱਚ ਸਿਰਜਿਆ ਗਿਆ ਹੈ। ਪੰਜਾਬ ਦੇ ਵੱਖ-ਵੱਖ ਹਿੱਸਿਆ ਵਿੱਚ ਸ਼ੂਟ ਕੀਤੇ ਇਸ ਸੰਗ਼ੀਤਕ ਵੀਡੀਓ ਦਾ ਨਿਰਦੇਸ਼ਨ ਸੁੱਖ ਸੰਘੇੜਾ ਕੈਨੇਡਾ ਅਤੇ ਸਟਾਲਿਨਵੀਰ ਸਿੰਘ ਵੱਲੋਂ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਦੀ ਸ਼ਾਨਦਾਰ ਸਿਰਜਨ ਸੁਮੇਲਤਾ ਅਧੀਨ ਤਿਆਰ ਕੀਤੇ ਗਏ ਇਸ ਮਿਊਜ਼ਿਕ ਵੀਡੀਓ ਨੂੰ ਚਾਰ ਚੰਨ ਲਾਉਣ ਵਿੱਚ ਜਰਨੈਲ ਸਿੰਘ, ਅਮਰ ਨੂਰੀ, ਗੁਰਫਤਿਹ ਸਿੰਘ ਅਤੇ ਬਿਸਮਨਪ੍ਰੀਤ ਕੌਰ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ।
ਦੁਨੀਆਂ-ਭਰ ਵਿੱਚ ਆਪਣੀ ਬੇਹਤਰੀਣ ਗਾਇਕੀ ਦੇ ਚੱਲਦਿਆਂ ਪ੍ਰਸ਼ੰਸਾ ਹਾਸਿਲ ਕਰਨ ਵਾਲੇ ਮਰਹੂਮ ਗਾਇਕ ਰਾਜਵੀਰ ਜਵੰਦਾ ਦੇ ਇਸ ਗੀਤ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕਰੀਏ, ਤਾਂ ਇਸ ਦੇ ਡੀ.ਓ.ਪੀ ਸੁੱਖ ਸੰਘੇੜਾ, ਸੰਪਾਦਕ ਜੀ ਐਸ ਭਾਟੀਆ, ਕੈਮਰਾ ਸਹਾਇਕ ਗੁਰਜੋਤ ਅਤੇ ਪ੍ਰੋਜੈਕਟ ਪ੍ਰਬੰਧਿਤ ਬਲਨੂਰ ਹਨ।
A Glimpse Of The Last Song Of The Late Rajveer Jawanda Has Surfaced It Will Be Released Soon