April 10, 2026
Punjab Speaks Team / Punjab
10 ਅਪ੍ਰੈਲ 2026 : ਅਪਰੈਲ ਮਹੀਨੇ ਦੇ ਪਹਿਲੇ ਹਫ਼ਤੇ ’ਚ ਪੰਜਾਬ, ਹਰਿਆਣਾ ਸਣੇ ਉੱਤਰ ਭਾਰਤ ਵਿੱਚ ਪਏ ਭਾਰੀ ਮੀਂਹ, ਗੜੇਮਾਰੀ ਤੇ ਹਨੇਰੀ ਨੇ ਕਿਸਾਨਾਂ ਦੀਆਂ ਫ਼ਸਲਾਂ ਦਾ ਕਾਫੀ ਨੁਕਸਾਨ ਕੀਤਾ ਹੈ।
ਇਸ ਵਾਰ ਅਪਰੈਲ ਮਹੀਨੇ ਦੇ ਪਹਿਲੇ ਹਫ਼ਤੇ 3 ਤੋਂ 9 ਅਪਰੈਲ ਤੱਕ ਪੰਜਾਬ ਭਰ ਵਿੱਚ ਔਸਤਨ ਆਮ ਨਾਲੋਂ 471 ਫ਼ੀਸਦ ਵੱਧ ਮੀਂਹ ਪਿਆ। ਸੂਬੇ ਵਿੱਚ ਆਮ ਤੌਰ ’ਤੇ 3 ਤੋਂ 9 ਅਪਰੈਲ ਤੱਕ ਔਸਤਨ 3.8 ਐੱਮ ਐੱਮ ਮੀਂਹ ਪੈਣ ਦੀ ਉਮੀਦ ਹੁੰਦੀ ਹੈ ਪਰ ਇਸ ਵਾਰ 21.7 ਐੱਮ ਐੱਮ ਮੀਂਹ ਪਿਆ ਹੈ। ਇਸ ਦੌਰਾਨ ਫਾਜ਼ਿਲਕਾ ਵਿੱਚ ਸਭ ਤੋਂ ਵੱਧ ਆਮ ਨਾਲੋਂ 2018 ਫ਼ੀਸਦ ਵੱਧ ਮੀਂਹ ਪਿਆ। ਫਾਜ਼ਿਲਕਾ ਵਿੱਚ ਆਮ ਤੌਰ ’ਤੇ 2.4 ਐੱਮ ਐੱਮ ਮੀਂਹ ਪੈਂਦਾ ਪਰ ਇਸ ਸਾਲ 50.8 ਐੱਮ ਐੱਮ ਮੀਂਹ ਪਿਆ। ਜਦੋਂ ਕਿ ਹੁਸ਼ਿਆਰਪੁਰ ਵਿੱਚ ਆਮ ਨਾਲੋਂ 9 ਫ਼ੀਸਦ ਘੱਟ ਮੀਂਹ ਪਿਆ। ਹੁਸ਼ਿਆਰਪੁਰ ਵਿੱਚ ਆਮ ਤੌਰ ’ਤੇ 4.8 ਐੱਮ ਐੱਮ ਮੀਂਹ ਪੈਂਦਾ, ਪਰ ਇਸ ਵਾਰ 4.4 ਐੱਮ ਐੱਮ ਮੀਂਹ ਪਿਆ।
ਮੌਸਮ ਵਿਭਾਗ ਅਨੁਸਾਰ ਮੋਗਾ ਵਿੱਚ ਆਮ ਨਾਲੋਂ 1639 ਫ਼ੀਸਦ ਵੱਧ 40 ਐੱਮ ਐੱਮ, ਅੰਮ੍ਰਿਤਸਰ ਵਿੱਚ 244 ਫੀਸਦ ਵੱਧ 20.3 ਐੱਮ ਐੱਮ, ਬਰਨਾਲਾ ਵਿੱਚ 743 ਫ਼ੀਸਦ ਵੱਧ 22.8 ਐੱਮ ਐੱਮ, ਬਠਿੰਡਾ ਵਿੱਚ 408 ਫ਼ੀਸਦ ਵੱਧ 16.8 ਐੱਮ ਐੱਮ, ਫਰੀਦਕੋਟ ਵਿੱਚ 424 ਫ਼ੀਸਦ ਵੱਧ 19.9 ਐੱਮ ਐੱਮ, ਫਤਹਿਗੜ੍ਹ ਸਾਹਿਬ ਵਿੱਚ 579 ਫ਼ੀਸਦ ਵੱਧ 9.5 ਐੱਮ ਐੱਮ, ਫਿਰੋਜ਼ਪੁਰ ਵਿੱਚ 839 ਫ਼ੀਸਦ ਵੱਧ 31 ਐੱਮ ਐੱਮ, ਗੁਰਦਾਸਪੁਰ ਵਿੱਚ 337 ਫ਼ੀਸਦ ਵੱਧ 24.5 ਐੱਮ ਐੱਮ ਮੀਂਹ ਪਿਆ। ਇਸੇ ਤਰ੍ਹਾਂ ਜਲੰਧਰ ਵਿੱਚ 170 ਫ਼ੀਸਦ ਵੱਧ 13.2 ਐੱਮ ਐੱਮ, ਕਪੂਰਥਲਾ ਵਿੱਚ 197 ਫ਼ੀਸਦ ਵੱਧ 10.4 ਐੱਮ ਐੱਮ, ਲੁਧਿਆਣਾ ਵਿੱਚ 108 ਫ਼ੀਸਦ ਵੱਧ 8.7 ਐੱਮ ਐੱਮ, ਮਾਨਸਾ ਵਿੱਚ 300 ਫ਼ੀਸਦ ਵੱਧ 11.2 ਐੱਮ ਐੱਮ ਮੀਂਹ ਪਿਆ। ਹਾਲਾਂਕਿ ਮੌਸਮ ਵਿਗਿਆਨੀਆਂ ਨੇ ਅਗਲਾ ਹਫ਼ਤਾ ਸੂਬੇ ਵਿੱਚ ਮੌਸਮ ਸਾਫ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ ਦਿਨ ਸਮੇਂ ਦਾ ਤਾਪਮਾਨ ਵਧੇਗਾ ਅਤੇ ਮੌਸਮ ਸਾਫ ਰਹੇਗਾ।
Punjab Has Recorded 471 Percent More Rainfall Than Normal