March 24, 2026
Punjab Speaks Team / Panjab
ਚੰਡੀਗੜ੍ਹ, 24 ਮਾਰਚ 2026 - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਅਫਸਰ ਡਾ. ਗਗਨਦੀਪ ਸਿੰਘ ਰੰਧਾਵਾ ਦਾ ਪੋਸਟ ਮਾਰਟਮ ਪੀ ਜੀ ਆਈ ਜਾਂ ਫਿਰ ਏਮਜ਼ ਦੇ ਡਾਕਟਰਾਂ ਦੀ ਟੀਮ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਭੁੱਲਰ ਦੇ ਪਿਤਾ, ਨਿੱਜੀ ਸਹਾਇਕ ਅਤੇ ਉਹਨਾਂ ਅਫਸਰਾਂ ਦੇ ਖ਼ਿਲਾਫ਼ ਵੀ ਕਾਰਵਾਈ ਮੰਗੀ ਹੈ, ਜਿਨ੍ਹਾਂ ਨੇ ਰੰਧਾਵਾ ਦੀਆਂ ਅਪੀਲਾਂ ’ਤੇ ਸੁਣਵਾਈ ਨਹੀਂ ਕੀਤੀ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਵਿਰੋਧੀ ਧਿਰ ਦੇ ਸਾਰੇ ਆਗੂਆਂ, ਕਿਸਾਨ ਸੰਗਠਨਾਂ ਅਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਯੂਨੀਅਨ ਦਾ ਧੰਨਵਾਦ ਕੀਤਾ ਜਿਹਨਾਂ ਨੇ ਇਕਜੁੱਟ ਹੋ ਕੇ ਮੁਜ਼ਾਹਰਾ ਕੀਤਾ, ਜਿਸ ਸਦਕਾ ਲਾਲਜੀਤ ਭੁੱਲਰ ਦੀ ਗ੍ਰਿਫਤਾਰੀ ਸੰਭਵ ਹੋਈ ਹੈ। ਮਜੀਠੀਆ ਨੇ ਕਿਹਾ ਕਿ ਕੇਸ ਸਿਰਫ ਡਾ. ਰੰਧਾਵਾ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਤੇ ਉਹਨਾਂ ਦੀ ਕੁੱਟਮਾਰ ਨਾਲ ਸਬੰਧਤ ਨਹੀਂ ਹੈ, ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਲਾਲਜੀਤ ਭੁੱਲਰ ਤੇ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਦਾ ਵਿਆਪਕ ਭ੍ਰਿਸ਼ਟਾਚਾਰ ਵੀ ਸ਼ਾਮਲ ਹੈ।
ਉਹਨਾਂ ਕਿਹਾ ਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਅਤੇ ਵੇਅਰ ਹਾਊਸਿੰਗ ਦੇ ਐਮ ਡੀ ਗੌਤਮ ਜੈਨ ਤੇ ਮੁੱਖ ਸਕੱਤਰ ਕੇ ਏ ਪੀ ਸਿਨਹਾ ਜਿਹਨਾਂ ਨੇ ਅਫਸਰਾਂ ਦੀਆਂ ਵਾਰ-ਵਾਰ ਕੀਤੀਆਂ ਅਪੀਲਾਂ ’ਤੇ ਗੌਰ ਨਹੀਂ ਕੀਤੀ, ਦੀ ਵੀ ਜਾਂਚ ਹੋਣੀ ਚਾਹੀਦੀ ਹੈ ਤੇ ਇਸੇ ਵਾਸਤੇ ਸੀ ਬੀ ਆਈ ਜਾਂਚ ਜ਼ਰੂਰੀ ਹੈ।
ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭੁੱਲਰ ਦੀ ਗ੍ਰਿਫਤਾਰੀ ’ਤੇ ’ਕੈਸ਼ ਤੇ ਫਰਮਾਇਸ਼’ ਦੀ ਮੰਗ ਨਾ ਕਰਨ ਦੀ ਕੀਤੀ ਟਿੱਪਣੀ ਦੀ ਵੀ ਸਖ਼ਤ ਨਿਖੇਧੀ ਕੀਤੀ ਅਤੇ ਕਿਹਾ ਕਿ ਵਿਰੋਧੀ ਧਿਰ ਦੇ ਨਾਲ-ਨਾਲ ਯੂਨੀਅਨਾਂ ਦੇ ਸਾਂਝੇ ਦਬਾਅ ਅਤੇ ਰੰਧਾਵਾ ਪਰਿਵਾਰ ਤੇ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਸੀ ਬੀ ਆਈ ਜਾਂਚ ਦੀ ਤਿਆਰੀ ਵਾਸਤੇ ਦਿੱਤੇ ਬਿਆਨ ਕਾਰਨ ਆਪ ਸਰਕਾਰ ਸਾਬਕਾ ਮੰਤਰੀ ਨੂੰ ਗ੍ਰਿਫਤਾਰ ਕਰਨ ਵਾਸਤੇ ਮਜਬੂਰ ਹੋਈ ਹੈ। ਉਹਨਾਂ ਕਿਹਾ ਕਿ ਸਰਕਾਰ 21 ਮਾਰਚ ਤੋਂ ਭੁੱਲਰ ਦਾ ਬਚਾਅ ਕਰਦੀ ਰਹੀ।
ਪਹਿਲਾਂ 24 ਘੰਟਿਆਂ ਤੱਕ ਕੇਸ ਦਰਜ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੰਤਰੀ ਨੂੰ ਗ੍ਰਿਫਤਾਰ ਨਹੀ ਕੀਤਾ ਅਤੇ ਨਾ ਉਸਦਾ ਅਸਤੀਫਾ ਰਾਜਪਾਲ ਨੂੰ ਵੀ ਨਹੀ ਭੇਜਿਆ। ਉਹਨਾਂ ਕਿਹਾ ਕਿ ਜਦੋਂ ਸਰਕਾਰ ਸਾਰੇ ਪਾਸਿਆਂ ਤੋਂ ਘਿਰ ਗਈ ਤਾਂ ਅੱਜ ਸਾਬਕਾ ਮੰਤਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
Randhawa Suicide Case Bikram Majithia Demands Postmortem From PGI Or AIIMS CBI Investigation Is Also Mandatory