December 5, 2023

Punjab Speaks / Punjab
ਪਟਿਆਲਾ (ਅਮਰੀਕਇੰਦਰ ਸਿੰਘ) ਖ਼ਾਲਸਾ ਕਾਲਜ ਪਟਿਆਲਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੀ ਪੰਜਾਬੀ ਸਾਹਿਤ ਸਭਾ ਵੱਲੋਂ ਅੱਜ ਭਾਈ ਵੀਰ ਸਿੰਘ ਜੀ ਦੇ ਜਨਮ ਦਿਹਾੜੇ -ਤੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਪ੍ਰੋਫੈਸਰ ਸਾਹਿਬਾਨ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸਮਾਗਮ ਦੀ ਸ਼ੁਰੂਆਤ ਕਰਦੇ ਹੋਏ ਕਾਲਜ ਦੇ ਵਾਈਸ ਪਿ੍ਰੰਸੀਪਲ ਡਾ ਗੁਰਮੀਤ ਸਿੰਘ ਨੇ ਜਿੱਥੇ ਭਾਈ ਵੀਰ ਸਿੰਘ ਦੇ ਜੀਵਨ ਸਬੰਧੀ ਚਾਨਣਾ ਪਾਇਆ ਉੱਥੇ ਨਾਲ ਦੀ ਨਾਲ ਉਹਨਾਂ ਇਹ ਵੀ ਦੱਸਿਆ ਕਿ ਭਾਈ ਵੀਰ ਸਿੰਘ ਦੀ ਕਵਿਤਾ ਦੇ ਅਨੇਕਾਂ ਗੁਣ ਅੰਗਰੇਜ਼ੀ ਦੇ ਪ੍ਰਸਿੱਧ ਸ਼ਾਇਰ ਵਰਡਜ਼ਵਰਥ ਨਾਲ ਵੀ ਮਿਲਦੇ ਹਨ। ਦੋਹਾਂ ਦੀ ਰਚਨਾ ਵਿੱਚ ਪ੍ਰਕਿਰਤੀ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ । ਡਾ ਧਰਮਿੰਦਰ ਸਿੰਘ ਉੱਭਾ ਪਿ੍ਰੰਸੀਪਲ ਖ਼ਾਲਸਾ ਕਾਲਜ ਪਟਿਆਲਾ ਨੇ ਇਸ ਮੌਕੇ ਸਮੁੱਚੇ ਵਿਭਾਗ ਦੇ ਉਪਰਾਲੇ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਵਜੋਂ ਜਾਣੇ ਜਾਂਦੇ ਹਨ। ਉਹਨਾਂ ਨੇ ਸਾਹਿਤ ਦੇ ਨਾਲ-ਨਾਲ ਹੋਰ ਵੀ ਅਨੇਕਾਂ ਖੇਤਰਾਂ ਜਿਵੇਂ ਕਿ ਬੈਂਕਿੰਗ, ਪਿ੍ਰੰਟਿੰਗ ਆਦਿ ਖੇਤਰ ਵਿੱਚ ਵੀ ਮਹੱਤਵਪੂਰਨ ਕਾਰਜ ਕੀਤੇ। ਕਸ਼ਮੀਰ ਨਾਲ ਭਾਈ ਵੀਰ ਸਿੰਘ ਦੀ ਸਾਂਝ ਦਾ ਜ਼ਿਕਰ ਕਰਦੇ ਹੋਏ ਉਨਾਂ ਨੇ ਭਾਈ ਵੀਰ ਸਿੰਘ ਦੀ ਕਵਿਤਾ ਵਿੱਚ ਆਏ ਕਸ਼ਮੀਰ ਸਬੰਧੀ ਹਵਾਲਿਆਂ ਦਾ ਵੀ ਵਿਸ਼ੇਸ਼ ਤੌਰ -ਤੇ ਵਰਣਨ ਕੀਤਾ ਅਤੇ ਨਾਲ ਹੀ ਕਸ਼ਮੀਰ ਸਬੰਧੀ ਭਾਈ ਸਾਹਿਬ ਦੀਆਂ ਰਚਨਾਵਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਪੰਜਾਬੀ ਵਿਭਾਗ ਤੋਂ ਡਾ. ਦਵਿੰਦਰ ਸਿੰਘ ਨੇ ਇਸ ਮੌਕੇ ਭਾਈ ਵੀਰ ਸਿੰਘ ਦੇ ਜੀਵਨ ਦੇ ਕੁਝ ਪ੍ਰਮੁੱਖ ਵੇਰਵਿਆਂ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ। ਉਨਾਂ ਨਾਲ ਦੀ ਨਾਲ ਇਹ ਵੀ ਦੱਸਿਆ ਕਿ ਭਾਈ ਵੀਰ ਸਿੰਘ ਦੀ ਛੁਹ ਪ੍ਰਾਪਤ ਕਰਕੇ ਅਨੇਕਾਂ ਸਾਹਿਤਕਾਰ ਪੰਜਾਬੀ ਵਿੱਚ ਸਾਹਿਤ ਰਚਨਾ ਕਰਨ ਲਈ ਪ੍ਰੇਰਿਤ ਹੋਏ ਜਿਨਾਂ ਵਿੱਚ ਉਨਾਂ ਦੇ ਆਪਣੇ ਪੁਰਖੇ ਵੀ ਸ਼ਾਮਿਲ ਸਨ। ਇਸ ਮੌਕੇ ਉਨਾਂ ਇਹ ਵੀ ਦੱਸਿਆ ਕਿ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਸਾਹਿਤ ਦੇ ਖੇਤਰ ਦੇ ਅਨੇਕਾਂ ਪੁਰਸਕਾਰ ਦੇਣ ਦੀ ਪ੍ਰਥਾ ਦਾ ਆਰੰਭ ਵੀ ਭਾਈ ਵੀਰ ਸਿੰਘ ਨਾਲ ਜਾ ਜੁੜਦਾ ਹੈ। ਪੰਜਾਬੀ ਸਾਹਿਤ ਸਭਾ ਵੱਲੋਂ ਡਾ. ਭਗਵੰਤ ਸਿੰਘ ਨੇ ਦੱਸਿਆ ਕਿ ਪੰਜਾਬੀ ਸਾਹਿਤ ਸਭਾ ਸਮੇਂ-ਸਮੇਂ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕਰਦੀ ਰਹਿੰਦੀ ਹੈ ਤਾਂ ਜੋ ਅਸੀਂ ਪੰਜਾਬੀ ਸਾਹਿਤ ਨਾਲ ਜੁੜੇ ਰਹਿ ਸਕੀਏ। ਮੰਚ ਦਾ ਸੰਚਾਲਨ ਪ੍ਰੋ. ਕੁਲਦੀਪ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ ਰਵਿੰਦਰਜੀਤ ਸਿੰਘ, ਡਾ. ਜਗਜੀਤ ਸਿੰਘ, ਪ੍ਰੋ ਜਸਵਿੰਦਰ ਸਿੰਘ,ਪ੍ਰੋ. ਰਾਜਵਿੰਦਰ ਕੌਰ, ਪ੍ਰੋ. ਜੈਸਮੀਨ ਕੌਰ ਪ੍ਰੋ. ਕੋਮਲਦੀਪ ਕੌਰ, ਡਾ. ਤਜਿੰਦਰਪਾਲ ਸਿੰਘ, ਪ੍ਰੋ. ਹਰਪ੍ਰੀਤ ਕੌਰ ਪ੍ਰੋ. ਗੁਰਵਿੰਦਰ ਕੌਰ, ਪ੍ਰੋ. ਜਸਮੀਨ ਕੌਰ, ਪ੍ਰੋ. ਪਰਮਪ੍ਰੀਤ ਕੌਰ, ਪ੍ਰੋ. ਨਰਿੰਦਰ ਕੌਰ, ਡਾ. ਰਾਜਬਿੰਦਰ ਸਿੰਘ ਅਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।
Lok Punjab News Views and Reviews
